ਭਾਰੀ ਮੀਂਹ ਨੇ ਹਿਮਾਚਲ ਤੇ ਉੱਤਰਾਖੰਡ ’ਚ ਲੀਹੋਂ ਲਾਹੀ ਜ਼ਿੰਦਗੀ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ਵਿੱਚ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਛੇ ਕੌਮੀ ਰਾਜ ਮਾਰਗਾਂ ਸਮੇਤ 1,311 ਸੜਕਾਂ ਬੰਦ ਹਨ ਤੇ ਕਈ ਸਕੂਲਾਂ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਸੋਲਨ ਅਤੇ ਕੁੱਲੂ ਵਿੱਚ ਮਕਾਨ ਢਹਿਣ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਹੈ। ਉਧਰ ਉੱਤਰਾਖੰਡ ਵਿੱਚ ਵੀ ਆਉਂਦੇ ਦਿਨੀਂ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਸ਼ਿਮਲਾ-ਕਾਲਕਾ ਟਰੈਕ ’ਤੇ ਰੇਲ ਸੇਵਾ 5 ਸਤੰਬਰ ਤੱਕ ਬੰਦ ਰਹੇਗੀ। ਮੌਸਮ ਵਿਭਾਗ ਨੇ ਹਿਮਾਚਲ ਵਿੱਚ ਬੁੱਧਵਾਰ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਨੈਣਾ ਦੇਵੀ ਵਿੱਚ ਸਭ ਤੋਂ ਵੱਧ 198.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੂਬਾ ਐਮਰਜੈਂਸੀ ਅਪਰੇਸ਼ਨ ਸੈਂਟਰ ਮੁਤਾਬਕ ਸਭ ਤੋਂ ਜ਼ਿਆਦਾ ਸੜਕਾਂ ਮੰਡੀ (289), ਸ਼ਿਮਲਾ (241) ਅਤੇ ਚੰਬਾ (239) ਵਿੱਚ ਬੰਦ ਹਨ। ਅੰਦਰੂਨੀ ਇਲਾਕਿਆਂ ਵਿੱਚ ਵੀ ਸੜਕਾਂ ਬੰਦ ਹੋਣ ਕਾਰਨ ਸੇਬ ਉਤਪਾਦਕਾਂ ਨੂੰ ਆਪਣੀ ਫਸਲ ਮੰਡੀਆਂ ਤੱਕ ਪਹੁੰਚਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਇਸੇ ਤਰ੍ਹਾਂ ਉੱਤਰਾਖੰਡ ਦੇ ਦੇਹਰਾਦੂਨ, ਚੰਪਾਵਤ, ਨੈਨੀਤਾਲ ਅਤੇ ਊਧਮ ਸਿੰਘ ਨਗਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸੂਬੇ ਦੀਆਂ ਜ਼ਿਆਦਾਤਰ ਨਦੀਆਂ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੈ। ਵਿਗੜ ਰਹੇ ਹਾਲਾਤ ਕਾਰਨ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਅਤੇ ਆਂਗਨਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਹਨ। ਚਾਰਧਾਮ ਯਾਤਰਾ ਵੀ 5 ਸਤੰਬਰ ਤੱਕ ਰੋਕ ਦਿੱਤੀ ਗਈ ਹੈ।
ਜੰਮੂ-ਸ੍ਰੀਨਗਰ ਹਾਈਵੇਅ ’ਤੇ ਟਰੈਫਿਕ ਮੁੜ ਬੰਦ
ਜੰਮੂ: ਇੱਥੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਰਕੇ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਟਰੈਫਿਕ ਅੱਜ ਮੁੜ ਬੰਦ ਕਰ ਦਿੱਤੀ ਗਈ ਹੈ। ਇਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇੱਕੋ-ਇੱਕ ਸੜਕ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਵੀ ਜੰਮੂ ਡਿਵੀਜ਼ਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਧਰ ਫੌਜ ਨੇ ਜੰਮੂ-ਕਸ਼ਮੀਰ ਦੇ ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਜੰਗਲਵਾੜ ਨਦੀ ’ਤੇ ਬੇਲੀ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਵੀ ਅੱਜ ਲਗਾਤਾਰ ਅੱਠਵੇਂ ਦਿਨ ਮੁਅੱਤਲ ਰਹੀ। -ਪੀਟੀਆਈ