ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਜਾਰੀ, ਚਾਰ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ
ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਦਰਮਿਆਨ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਲਈ ਊਨਾ, ਸਿਰਮੌਰ, ਬਿਲਾਸਪੁਰ ਅਤੇ ਸੋਲਨ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਸ਼ਿਮਲਾ, ਇਸ ਦੇ ਨਾਲ ਲੱਗਦੇ ਖੇਤਰਾਂ ਅਤੇ ਰਾਜ ਦੇ ਬਾਕੀ ਹਿੱਸਿਆਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਸਿੱਟੇ ਵਜੋਂ ਕੁਝ ਥਾਵਾਂ ’ਤੇ ਭਾਰੀ ਮੀਂਹ ਪੈ ਸਕਦਾ ਹੈ। ਇਹਤਿਆਤ ਵਜੋਂ ਪੰਜ ਕੌਮੀ ਸ਼ਾਹਰਾਹਾਂ ਸਮੇਤ 793 ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਸੂਬਾਈ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ ਮੰਡੀ ਵਿੱਚ NH 3 ਸਮੇਤ 266 ਸੜਕਾਂ ਬੰਦ ਹਨ; ਕੁੱਲੂ ਵਿੱਚ NH 305 ਸਮੇਤ 176 ਸੜਕਾਂ, ਸਿਰਮੌਰ ਵਿੱਚ NH 707 ਅਤੇ 907 ਸਮੇਤ 138 ਸੜਕਾਂ; ਸੋਲਨ ਵਿੱਚ 68, ਕਾਂਗੜਾ ਵਿੱਚ 61, ਊਨਾ ਵਿੱਚ 30, ਬਿਲਾਸਪੁਰ ਵਿੱਚ 28, ਲਾਹੌਲ ਅਤੇ ਸਪਿਤੀ ਵਿੱਚ 13, ਕਿਨੌਰ ਵਿੱਚ NH 5 ਸਮੇਤ 12 ਅਤੇ ਹਮੀਰਪੁਰ ਜ਼ਿਲ੍ਹੇ ਵਿੱਚ ਇੱਕ ਸੜਕ ਬੰਦ ਹੈ।
ਇਸ ਤੋਂ ਇਲਾਵਾ 2,174 ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ- ਸੋਲਨ ਵਿੱਚ 899, ਕੁੱਲੂ ਵਿੱਚ 457, ਮੰਡੀ ਵਿੱਚ 352, ਊਨਾ ਵਿੱਚ 267, ਲਾਹੌਲ ਅਤੇ ਸਪਿਤੀ ਵਿੱਚ 146, ਕਿਨੌਰ ਵਿੱਚ 51 ਅਤੇ ਕਾਂਗੜਾ ਜ਼ਿਲ੍ਹੇ ਵਿੱਚ ਦੋ- ਅਜੇ ਵੀ ਠੱਪ ਹਨ, ਜਿਸ ਨਾਲ ਰਾਜ ਦੇ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।
ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਰਕੇ ਸ਼ਿਮਲਾ ਜ਼ਿਲ੍ਹੇ ਵਿੱਚ ਪਿਓ ਧੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ, ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਹੈ।
ਬਿਲਾਸਪੁਰ ਵਿੱਚ 115.8 ਮਿਲੀਮੀਟਰ, ਪਾਉਂਟਾ ਸਾਹਿਬ ਵਿੱਚ 109.6 ਮਿਲੀਮੀਟਰ, ਬਿਲਾਸਪੁਰ ਵਿੱਚ 80.8 ਮਿਲੀਮੀਟਰ, ਸੁੰਦਰਨਗਰ ਵਿੱਚ 40 ਮਿਲੀਮੀਟਰ, ਪਾਲਮਪੁਰ ਵਿੱਚ 23 ਮਿਲੀਮੀਟਰ, ਮਨਾਲੀ ਵਿੱਚ 23 ਮਿਲੀਮੀਟਰ, ਮਾਨਵਲੀ ਵਿੱਚ 23 ਮਿਲੀਮੀਟਰ, ਕਾਂਗੜਾ 18.2 ਮਿਲੀਮੀਟਰ, ਧਰਮਸ਼ਾਲਾ 12.6 ਮਿਲੀਮੀਟਰ ਤੇ ਕੀਲੋਨ ਵਿਚ 10 ਮਿਲੀਮੀਟਰ ਪਿਆ।