ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਮਲੇ ’ਤੇ ਸੁਣਵਾਈ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਮਲੇ ਵਿੱਚ ਅੱਜ ਹਾਈ ਕੋਰਟ ’ਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਮੇਟੀ ਵੱਲੋਂ ਸਟਾਫ਼ ਦੇ ਬਕਾਏ ਦੀ ਅਦਾਇਗੀ ਲਈ ਦਿੱਤੇ ਗਏ ਸ਼ਡਿਊਲ ਨੂੰ ਦੇਖਣ ਮਗਰੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ਼ ਨੂੰ ਆਪੋ-ਆਪਣੇ ਹਲਫ਼ਨਾਮੇ ਦਾਖ਼ਲ ਕਰਨ ਲਈ ਕਿਹਾ ਹੈ। ਸੁਣਵਾਈ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਟਾਫ਼ ਦੇ ਸਾਰੇ ਬਕਾਏ ਦੀ ਅਦਾਇਗੀ ਲਈ ਉਹ ਤਿਆਰ ਹਨ, ਜਿਸ ਲਈ ਕਮੇਟੀ ਵੱਲੋਂ ਇੱਕ ਵਿਸਥਾਰਤ ਸ਼ਡਿਊਲ ਤਿਆਰ ਕਰ ਕੇ ਅਦਾਲਤ ਨੂੰ ਦਿੱਤਾ ਗਿਆ ਹੈ। ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਇਸ ਅਦਾਇਗੀ ਲਈ ਗੁਰੂ ਘਰਾਂ ਜਾਂ ਸਕੂਲਾਂ ਦੀ ਇੱਕ ਇੰਚ ਜ਼ਮੀਨ ਵੀ ਨਹੀਂ ਵੇਚਣ ਦਿੱਤੀ ਜਾਵੇਗੀ। ਉਨ੍ਹਾਂ ਮੁੜ ਦਹੁਰਾਇਆ ਕਿ ਉਹ ਕਮੇਟੀ ਅਤੇ ਗੁਰੂ ਘਰਾਂ ਦੀ ਜਾਇਦਾਦ ਨੂੰ ਕਿਸੇ ਵੀ ਕੀਮਤ ’ਤੇ ਵੇਚਣ ਨਹੀਂ ਦੇਣਗੇ ਅਤੇ ਉਨ੍ਹਾਂ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਉਹ ਸਕੂਲ ਸਟਾਫ਼ ਦੇ ਸਾਰੇ ਬਕਾਏ ਚੁਕਾਉਣ ਲਈ ਵਚਨਬੱਧ ਹਨ ਅਤੇ ਹਰ ਮੁਲਾਜ਼ਮ ਨੂੰ ਪੂਰੀ ਅਦਾਇਗੀ ਕੀਤੀ ਜਾਵੇਗੀ।