ਸੁਪਰੀਮ ਕੋਰਟ ਭਲਕੇ 28 ਜੁਲਾਈ ਨੂੰ ਸ਼ਿਮਲਾ ਦੇ ਡਿਪਟੀ ਮੇਅਰ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰੇਗਾ ਜਿਸ ’ਚ ਸਰਕਾਰ ਨੂੰ ਕਬਜ਼ੇ ਹੇਠਲੇ ਜੰਗਲਾਤ ਖੇਤਰ ’ਚੋਂ ਫਲਦਾਰ ਸੇਬਾਂ ਦੇ ਬਾਗਾਂ ਨੂੰ ਹਟਾਉਣ ਲਈ ਹਿਮਾਚਲ ਪ੍ਰਦੇਸ਼ ਹਾਈ ਕੋਰਟ ਤੋਂ ਮਿਲੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਚੀਫ ਜਸਟਿਸ ਬੀਆਰ ਗਵਈ, ਜਸਟਿਸ ਕੇ ਵਿਨੋਦ ਚੰਦਰਨ ਤੇ ਜਸਟਿਸ ਐੱਨਵੀ ਅੰਜਾਰੀਆ ਦਾ ਬੈਂਚ ਡਿਪਟੀ ਮੇਅਰ ਟਿਕੇਂਦਰ ਸਿੰਘ ਪੰਵਾਰ ਤੇ ਸਮਾਜਿਕ ਕਾਰਕੁਨ ਵਕੀਲ ਰਾਜੀਵ ਰਾਏ ਦੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਦੋ ਜੁਲਾਈ ਨੂੰ ਜੰਗਲਾਤ ਵਿਭਾਗ ਨੂੰ ਸੇਬ ਦੇ ਬਾਗਾਂ ਨੂੰ ਹਟਾਉਣ ਤੇ ਉਸ ਦੀ ਥਾਂ ਜੰਗਲੀ ਕਿਸਮਾਂ ਲਾਉਣ ਅਤੇ ਕਬਜ਼ਾਕਾਰੀਆਂ ਤੋਂ ਜ਼ਮੀਨੀ ਮਾਲੀਏ ਦੇ ਬਕਾਏ ਵਜੋਂ ਇਸ ਦੀ ਲਾਗਤ ਵਸੂਲਣ ਦਾ ਹੁਕਮ ਦਿੱਤਾ ਸੀ। -ਪੀਟੀਆਈ