ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਅਧੀਨ ਨਾਭਾ ਦੀ ਨਿਊ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਦੀ ਸੁਣਵਾਈ ਹੁਣ 22 ਜੁਲਾਈ ਨੂੰ ਹੋਵੇਗੀ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਅਗਲੀ ਤਰੀਕ ਪਾ ਦਿੱਤੀ ਗਈ।ਬਿਕਰਮ ਮਜੀਠੀਆ ਦੇ ਵਕੀਲਾਂ ਐੱਚਐੱਸ ਧਨੋਆ ਤੇ ਹੋਰਨਾਂ ਵੱਲੋਂ ਪਿਛਲੇ ਦਿਨੀਂ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਬਿਕਰਮ ਮਜੀਠੀਆ ਦੀ ਨਿਊ ਨਾਭਾ ਜੇਲ੍ਹ ਵਿਚਲੀ ਬੈਰਕ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ। ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਮਜੀਠੀਆ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਹਨ ਇਸ ਕਰਕੇ ਉਨ੍ਹਾਂ ਨੂੰ ਓਰੰਜ ਕੈਟਾਗਰੀ ਵਿੱਚ ਰੱਖਿਆ ਜਾਣਾ ਬਣਦਾ ਹੈ। ਉਨ੍ਹਾਂ ਮਜੀਠੀਆ ਨੂੰ ਸਜ਼ਾਯਾਫਤਾ ਅਤੇ ਟਰਾਇਲਸ਼ੁਦਾ ਕੈਦੀਆਂ ਤੋਂ ਵੱਖ ਰੱਖਣ ਦੀ ਮੰਗ ਕੀਤੀ ਸੀ।ਅਦਾਲਤ ਵੱਲੋਂ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਅਤੇ ਨਾਭਾ ਦੇ ਜੇਲ੍ਹ ਸੁਪਰਡੈਂਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਅਦਾਲਤ ਵਿੱਚ ਅੱਜ ਦੋਵੇਂ ਧਿਰਾਂ ਦੇ ਵਕੀਲ ਮੌਜੂਦ ਸਨ।