ਵਿਰੋਧੀ ਉਮੀਦਵਾਰ ਬੋਲੇ ਤਾਂ ਸਿਹਤਮੰਦ ਬਹਿਸ ਹੋ ਸਕਦੀ ਹੈ: ਰੈੱਡੀ
ਇੰਡੀਆ’ ਗੱਠਜੋੜ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਨੇ ਅੱਜ ਆਪਣੇ ਵਿਰੋਧੀ ਅਤੇ ਸੱਤਾਧਾਰੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ ਡੀ ਏ) ਦੇ ਉਮੀਦਵਾਰ ਸੀ ਪੀ ਰਾਧਾਕ੍ਰਿਸ਼ਨਨ ’ਤੇ ‘ਨਾ ਬੋਲਣ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇ ਉਹ ਬੋਲਦੇ ਤਾਂ ਸਿਹਤਮੰਦ ਬਹਿਸ ਹੋ ਸਕਦੀ ਸੀ। ਰੈੱਡੀ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਉਹ ਸਿਹਤਮੰਦ ਬਹਿਸ ਦੇ ਹੱਕ ਵਿੱਚ ਹਨ। ਉਨ੍ਹਾਂ ਦਾ ਆਪਣੇ ਵਿਰੋਧੀ ਬਾਰੇ ਅਪਮਾਨਜਨਕ ਗੱਲਾਂ ਕਰਨ ਦਾ ਕੋਈ ਇਰਾਦਾ ਨਹੀਂ ਹੈ। ਰੈੱਡੀ ਨੇ ਕਿਹਾ, ‘ਮੈਂ ਰੋਜ਼ਾਨਾ ਮੀਡੀਆ ਨਾਲ ਗੱਲ ਕਰ ਰਿਹਾ ਹਾਂ। ਮੈਂ ਇਹ ਟਿੱਪਣੀ ਇਹ ਸੋਚ ਕੇ ਕੀਤੀ ਹੈ ਕਿ ਜੇ ਉਹ (ਰਾਧਾਕ੍ਰਿਸ਼ਨਨ) ਵੀ ਬੋਲਦੇ, ਤਾਂ ਸਿਹਤਮੰਦ ਗੱਲਬਾਤ ਹੁੰਦੀ।’ ਪ੍ਰੈੱਸ ਕਾਨਫਰੰਸ ਵਿੱਚ ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਅਤੇ ਸੱਤਾਧਾਰੀ ਕਾਂਗਰਸ ਦੇ ਆਗੂ ਵੀ ਮੌਜੂਦ ਸਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਮੌਜੂਦਾ ਹਾਲਾਤ ਵਿੱਚ ਭਾਰਤ ਸਾਹਮਣੇ ਸਭ ਤੋਂ ਵੱਡੀ ਸੰਵਿਧਾਨਕ ਚੁਣੌਤੀ ਕੀ ਹੈ ਤਾਂ ਰੈੱਡੀ ਨੇ ਕਿਹਾ ਕਿ ਸੰਵਿਧਾਨ ਦੇ ਸਾਹਮਣੇ ਸਭ ਤੋਂ ਗੰਭੀਰ ਚੁਣੌਤੀ ਭਾਰਤ ਦੇ ਚੋਣ ਕਮਿਸ਼ਨ ਦੇ ਕੰਮਕਾਜ ਵਿੱਚ ‘ਨੁਕਸ’ ਹੈ। ਉਨ੍ਹਾਂ ਕਿਹਾ, ‘ਜੇ ਅਜਿਹਾ ਜਾਰੀ ਰਿਹਾ, ਤਾਂ ਦੇਸ਼ ਵਿੱਚ ਲੋਕਤੰਤਰ ਖ਼ਤਰੇ ਵਿੱਚ ਪੈ ਜਾਵੇਗਾ... ਇਹੀ ਮੇਰਾ ਮੰਨਣਾ ਹੈ।’