ਪਾਲਘਰ, 18 ਮਈਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਅੱਜ ਤੜਕੇ ਕੈਮੀਕਲ ਫੈਕਟਰੀ ’ਚ ਡਾਇਮੈਥਿਲ ਸਲਫੇਟ ਨਾਂ ਦਾ ਰਸਾਇਣ ਲੀਕ ਹੋਣ ਕਾਰਨ 13 ਮਜ਼ਦੂਰਾਂ ਦੀ ਸਿਹਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜ਼ਿਲ੍ਹਾ ਆਫਤ ਪ੍ਰਬੰਧਨ ਸੈੱਲ ਦੇ ਮੁਖੀ ਵਿਵੇਕਾਨੰਦ ਕਦਮ ਨੇ ਦੱਸਿਆ ਕਿ ਬੋਇਸਾਰ ਤਾਰਾਪੁਰ ਐੱਮਆਈਡੀਸੀ ’ਚ ਇਹ ਘਟਨਾ ਤੜਕੇ 3 ਵਜੇ ਦੇ ਕਰੀਬ ਵਾਪਰੀ। ਡਾਇਮੈਥਿਲ ਸਲਫੇਟ ਇੱਕ ਤਰਲ ਪਦਾਰਥ ਹੁੰਦਾ ਹੈ ਜਿਸ ਕਾਰਨ ਅੱਖਾਂ ਤੇ ਚਮੜੀ ’ਤੇ ਜਲਣ ਹੋਣ ਲਗਦੀ ਹੈ। ਅਧਿਕਾਰੀ ਨੇ ਦੱਸਿਆ, ‘ਜਿਸ ਇਕਾਈ ’ਚ ਡਾਇਮੈਥਿਲ ਸਲਫੇਟ ਲੀਕ ਹੋਇਆ, ਉੱਥੇ ਐਂਟੀਆਕਸੀਡੈਂਟ ਬਣਾਇਆ ਜਾਂਦਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯੂਨਿਟ ਦੇ ਪਲਾਂਟ ਨੰਬਰ 4 ਤੋਂ ਪਲਾਂਟ ਨੰਬਰ 10 ’ਚ ਡਾਇਮੈਥਿਲ ਸਲਫੇਟ ਤਬਦੀਲ ਕੀਤਾ ਜਾ ਰਿਹਾ ਸੀ। ਰਸਾਇਣ ਰਿਸਣ ਮਗਰੋਂ ਨਿਕਲੇ ਧੂੰਏਂ ਕਾਰਨ ਮਜ਼ਦੂਰਾਂ ਦੀਆਂ ਅੱਖਾਂ ’ਚ ਜਲਣ ਹੋਣ ਲੱਗ ਪਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ