Hate Speech Case: ਨਫ਼ਰਤੀ ਭਾਸ਼ਣ ਮਾਮਲੇ ’ਚ ਭਾਜਪਾ ਆਗੂ ਪੀਸੀ ਜਾਰਜ ਦਾ ਪੁਲੀਸ ਰਿਮਾਂਡ
BJP leader P C George in police custody in hate speech case
ਹਾਈ ਕੋਰਟ ਵੱਲੋਂ ਅਗਾਉੂਂ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਪਿੱਛੋਂ ਕੀਤਾ ਅਦਾਲਤ ਵਿਚ ਸਮਰਪਣ; ਅਦਾਲਤ ਨੇ ਸ਼ਾਮ 6 ਵਜੇ ਤੱਕ ਦਾ ਦਿੱਤਾ ਪੁਲੀਸ ਰਿਮਾਂਡ
ਕੋਟਾਇਮ (ਕੇਰਲ), 24 ਫਰਵਰੀ
Hate Speech Case: ਨਫ਼ਰਤੀ ਭਾਸ਼ਣ ਮਾਮਲੇ ’ਚ ਸੋਮਵਾਰ ਨੂੰ ਇਰਾਟੂਪੇਟਾ ਦੀ ਇੱਕ ਅਦਾਲਤ ਵਿੱਚ ਆਤਮ ਸਮਰਪਣ ਕਰਨ ਵਾਲੇ ਭਾਜਪਾ ਆਗੂ ਪੀਸੀ ਜਾਰਜ (BJP leader PC George) ਨੂੰ ਅਦਾਲਤ ਵੱਲੋਂ ਅੱਜ ਸ਼ਾਮ 6 ਵਜੇ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਜਾਰਜ ਸਵੇਰੇ ਲਗਭਗ 11.05 ਵਜੇ ਇਰਾਟੂਪੇਟਾ ਮੁਨਸਿਫ਼ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਇਆ। ਮਾਮਲੇ ਦੀ ਸੁਣਵਾਈ ਦੁਪਹਿਰ 12.30 ਵਜੇ ਕੀਤੀ ਗਈ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ। ਬੇਨਤੀਆਂ ਸੁਣਨ ਤੋਂ ਬਾਅਦ, ਅਦਾਲਤ ਨੇ ਮਾਮਲੇ ਨੂੰ ਦੁਪਹਿਰ 2 ਵਜੇ ਹੋਰ ਵਿਚਾਰ ਲਈ ਮੁਲਤਵੀ ਕਰ ਦਿੱਤਾ।
ਜਾਰਜ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸਨੇ ਧਾਰਮਿਕ ਨਫ਼ਰਤ ਭੜਕਾਈ ਨਹੀਂ ਸੀ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਸੀ, ਜਿਸ ਕਾਰਨ ਉਸ ਦੀ ਹਿਰਾਸਤ ਵਿੱਚ ਪੁੱਛਗਿੱਛ ਜਾਂ ਸਬੂਤ ਇਕੱਠੇ ਕਰਨ ਦੀ ਕੋਈ ਲੋੜ ਨਹੀਂ ਹੈ।
ਦੂਜੇ ਪਾਸੇ ਇਸਤਗਾਸਾ ਪੱਖ ਨੇ ਜਾਰਜ ਦੇ ਪਿਛਲੇ ਮਾਮਲਿਆਂ ਦੇ ਵੇਰਵੇ ਪੇਸ਼ ਕੀਤੇ ਅਤੇ ਕਿਹਾ ਕਿ ਉਸ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਉਸ ਤੋਂ ਹਿਰਾਸਤ ਵਿੱਚ ਪੁੱਛਗਿੱਛ ਦੀ ਲੋੜ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਤਰੀਕੇ ਨਾਲ ਕੀਤੀਆਂ ਗਈਆਂ ਸਨ।
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਕੇਰਲ ਹਾਈ ਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਬਾਅਦ ਪੁਲੀਸ ਜਦੋਂ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਸਰਗਰਮ ਹੋਈ ਤਾਂ ਜਾਰਜ ਨੇ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। -ਪੀਟੀਆਈ

