ਗੁਰੂ ਸਾਹਿਬ ਨੇ ਸੱਚ ਦੀ ਰੱਖਿਆ ਨੂੰ ਧਰਮ ਮੰਨਿਆ: ਮੋਦੀ
ਪ੍ਰਧਾਨ ਮੰਤਰੀ ਵੱਲੋਂ ਸ਼ਹੀਦੀ ਪੁਰਬ ਮੌਕੇ ਸਿੱਕਾ ਤੇ ਡਾਕ ਟਿਕਟ ਜਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਅੱਜ ਇਥੇ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਸੱਚ, ਨਿਆਂ, ਵਿਸ਼ਵਾਸ ਦੀ ਰੱਖਿਆ ਨੂੰ ਆਪਣਾ ਧਰਮ ਮੰਨਿਆ ਤੇ ਇਸ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਇਲਾਵਾ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ 350ਵੇਂ ਸ਼ਹੀਦੀ ਪੁਰਬ ਦੀ ਯਾਦ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਕੇਂਦਰ ਤੇ ਹਰਿਆਣਾ ਸਰਕਾਰਾਂ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਰਵਾਇਆ ਗਿਆ। ਇਸ ਮੌਕੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੈਬਨਿਟ ਮੰਤਰੀ ਕੰਵਰਪਾਲ, ਮਨੀਸ਼ ਗਰੋਵਰ, ਸੀਮਾ ਤ੍ਰਿਖਾ, ਸੰਦੀਪ ਸਿੰਘ ਅਤੇ ਜਯੰਤੀ ਪ੍ਰਸਾਦ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਗੁਰੂ ਪਰੰਪਰਾ’ ਦੀ ਸੇਵਾ ਇਸੇ ਢੰਗ ਨਾਲ ਕਰਦੀ ਰਹੇਗੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ‘ਹਿੰਦ ਕੀ ਚਾਦਰ’ ਦੱਸਦਿਆਂ ਕਿਹਾ ਕਿ ਅੱਜ ਦੇ ਭਾਰਤ ਦੇ ਸਰੂਪ ਵਿੱਚ ਸਤਿਗੁਰੂਆਂ ਦੇ ਗਿਆਨ ਅਤੇ ਤਿਆਗ ਦੀ ਡੂੰਘੀ ਛਾਪ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਅੱਜ ਸਵੇਰੇ ਰਾਮਾਇਣ ਦੀ ਨਗਰੀ ਅਯੁੱਧਿਆ ਵਿਚ ਸਨ ਅਤੇ ਹੁਣ ਉਹ ਗੀਤਾ ਦੀ ਨਗਰੀ ਕੁਰੂਕਸ਼ੇਤਰ ਵਿਚ ਹਨ। 9 ਨਵੰਬਰ 2019 ਨੂੰ ਜਦੋਂ ਰਾਮ ਮੰਦਰ ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਤਾਂ ਉਹ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਵਾਸਤੇ ਪੰਜਾਬ ਦੇ ਡੇਰਾ ਬਾਬਾ ਨਾਨਕ ਗਏ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਵਿੱਚ ਭਗਵਾਨ ਕ੍ਰਿਸ਼ਨ ਦੇ ਪਵਿੱਤਰ ਸੰਖ ਨੂੰ ਸਮਰਪਿਤ ਨਵੀਂ ਬਣੀ ‘ਪੰਚਜਨਯ’ ਯਾਦਗਾਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ‘ਮਹਾਭਾਰਤ ਅਨੁਭਵ ਕੇਂਦਰ’ ਦਾ ਵੀ ਦੌਰਾ ਕੀਤਾ।
ਪ੍ਰਧਾਨ ਮੰਤਰੀ ਨੇ ਬ੍ਰਹਮਸਰੋਵਰ ’ਤੇ ਆਰਤੀ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੁਰੂਕਸ਼ੇਤਰ ਵਿੱਚ 10ਵੇਂ ਕੌਮਾਂਤਰੀ ਗੀਤਾ ਮਹੋਤਸਵ-2025 ਵਿੱਚ ਸ਼ਿਰਕਤ ਕਰਦਿਆਂ ਬ੍ਰਹਮਸਰੋਵਰ ’ਤੇ ਮਹਾ ਆਰਤੀ ਕੀਤੀ। ਮੁੱਖ ਮੰਤਰੀ ਨਾਇਬ ਸੈਣੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਸਦੀਆਂ ਦੇ ਜ਼ਖਮ ਭਰ ਰਹੇ ਨੇ: ਮੋਦੀ
ਅਯੁੱਧਿਆ, 25 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ’ਚ ਰਾਮ ਮੰਦਰ ਦਾ ਰਸਮੀ ਨਿਰਮਾਣ ਮੁਕੰਮਲ ਹੋਣ ਦੇ ਨਾਲ ਹੀ ‘ਸਦੀਆਂ ਦੇ ਜ਼ਖ਼ਮ ਭਰ ਰਹੇ ਨੇ ਤੇ ਦਰਦ ਦੂਰ ਹੋ ਰਹੇ ਹਨ’ ਅਤੇ ਉਨ੍ਹਾਂ ਇਸ ਮੌਕੇ ਦੀ ਵਰਤੋਂ 2047 ਤੱਕ ਵਿਕਸਤ ਭਾਰਤ ਦਾ ਟੀਚਾ ਹਾਸਲ ਕਰਨ ਲਈ ਕੌਮੀ ਰੋਡਮੈਪ ਤਿਆਰ ਕਰਨ ਲਈ ਕੀਤੀ।
ਰਾਮ ਮੰਦਰ ਦਾ ਨਿਰਮਾਣ ਕਾਰਜ ਰਸਮੀ ਤੌਰ ’ਤੇ ਮੁਕੰਮਲ ਕਰਨ ਲਈ ਮੰਦਰ ’ਤੇ ਭਗਵਾ ਝੰਡਾ ਚੜ੍ਹਾਉਣ ਮਗਰੋਂ ਸਮਾਗਮ ’ਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਮੌਕਾ ਦੇਸ਼ ਲਈ ਸੱਭਿਆਚਾਰਕ ਸੁਰਜੀਤੀ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਕਿਹਾ, ‘‘ਅੱਜ ਸਾਰਾ ਦੇਸ਼ ਤੇ ਦੁਨੀਆ ਰਾਮ ਵਿੱਚ ਲੀਨ ਹੈ। ਸਦੀਆਂ ਪੁਰਾਣੇ ਜ਼ਖ਼ਮ ਭਰ ਰਹੇ ਹਨ, ਸਦੀਆਂ ਪੁਰਾਣਾ ਦਰਦ ਮਿਟ ਰਿਹਾ ਹੈ ਕਿਉਂਕਿ 500 ਸਾਲਾਂ ਦਾ ਅਹਿਦ ਆਪਣੇ ਮੁਕਾਮ ’ਤੇ ਪਹੁੰਚ ਗਿਆ ਹੈ।’’ ਝੰਡਾ ਚੜ੍ਹਾਉਣ ਨੂੰ ‘ਵਿਲੱਖਣ ਤੇ ਰੂਹਾਨੀ ਪਲ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਮੰਦਰ ’ਤੇ ਪਵਿੱਤਰ ਝੰਡਾ ਇਸ ਗੱਲ ਦਾ ਸਬੂਤ ਹੋਵੇਗਾ ਕਿ ਝੂਠ ’ਤੇ ਸੱਚ ਦੀ ਜਿੱਤ ਹੁੰਦੀ ਹੈ। ਉਨ੍ਹਾਂ ਸਾਰੇ ਰਾਮ ਭਗਤਾਂ ਤੇ ਮੰਦਰ ਦੇ ਨਿਰਮਾਣ ’ਚ ਯੋਗਦਾਨ ਪਾਉਣ ਵਾਲਿਆਂ ਨੂੰ ਵਧਾਈ ਦਿੱਤੀ।
ਸਮਾਗਮ ’ਚ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਰਾਮ ਮੰਦਰ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਆਤਮਾ ਨੂੰ ਅੱਜ ਮੰਦਰ ਦੇ ਸਿਖ਼ਰ ’ਤੇ ਝੰਡਾ ਚੜ੍ਹਾਏ ਜਾਣ ਮਗਰੋਂ ਸ਼ਾਂਤੀ ਮਿਲੀ ਹੋਵੇਗੀ। ਝੰਡਾ ਚੜ੍ਹਾਉਣ ਦੇ ਨਾਲ ਮੰਦਰ ਦੇ ਨਿਰਮਾਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਮ ਮੰਦਰ ਦੇ ਸਿਖਰ ’ਤੇ ਝੰਡਾ ਚੜ੍ਹਾਏ ਜਾਣ ਨੂੰ ਨਵੇਂ ਯੁਗ ਦੀ ਸ਼ੁਰੂਆਤ ਦੱਸਿਆ ਤੇ ਕਿਹਾ ਕਿ ਇਹ ਉਨ੍ਹਾਂ ਸੰਤਾਂ, ਯੋਧਿਆਂ ਤੇ ਰਾਮ ਭਗਤਾਂ ਨੂੰ ਸਮਰਪਿਤ ਹੈ, ਜਿਨ੍ਹਾਂ ਇਸ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਗਾ ਦਿੱਤੀ, ਜਿਸ ਦਾ ਨਤੀਜਾ ਮੰਦਰ ਦੇ ਨਿਰਮਾਣ ਵਜੋਂ ਸਾਹਮਣੇ ਆਇਆ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਘ ਮੁਖੀ ਮੋਹਨ ਭਾਗਵਤ ਵੱਲੋਂ ਰਾਮ ਮੰਦਰ ਉਪਰ ਭਗਵਾ ਝੰਡਾ ਚੜ੍ਹਾਉਣਾ ਸਨਾਤਨ ਸੱਭਿਆਚਾਰ ਤੇ ਭਗਵਾਨ ਰਾਮ ਦੇ ਭਗਤਾਂ ਲਈ ਮਾਣ ਵਾਲੀ ਗੱਲ ਹੈ। -ਪੀਟੀਆਈ

