DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰਦੁਆਰਾ ਕਰਤਾਰਪੁਰ ਸਾਹਿਬ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਮੁੜ ਖੋਲ੍ਹਿਆ

ਪਾਕਿਸਤਾਨ ਸਰਕਾਰ ਨੇ ਕੀਤੀ ਪੁਸ਼ਟੀ; ਹਡ਼੍ਹ ਕਾਰਨ ਪ੍ਰਭਾਵਿਤ ਹੋਇਆ ਸੀ ਗੁਰਦੁਆਰਾ ਸਾਹਿਬ ਦਾ ਕੰਪਲੈਕਸ
  • fb
  • twitter
  • whatsapp
  • whatsapp
Advertisement

ਪਾਕਿਸਤਾਨ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹਾਲ ਹੀ ’ਚ ਹੜ੍ਹ ਕਾਰਨ ਪ੍ਰਭਾਵਿਤ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦਾ ਕੰਪਲੈਕਸ ਪੂਰੀ ਤਰ੍ਹਾਂ ਸਾਫ਼ ਹੈ ਅਤੇ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ, ‘‘ਹਾਲ ਹੀ ’ਚ ਮੌਨਸੂਨੀ ਮੀਂਹ ਦੌਰਾਨ ਕਰਤਾਰਪੁਰ ਸਾਹਿਬ ਹੜ੍ਹ ਨਾਲ ਪ੍ਰਭਾਵਿਤ ਹੋਇਆ ਸੀ, ਪਰ ਹੁਣ ਇਹ ਪੂਰੀ ਤਰ੍ਹਾਂ ਸਾਫ਼ ਹੈ।’’

ਦੱਸਣਯੋਗ ਹੈ ਕਿ ਪੰਜਾਬ ਜੋ ਕਿ ਪਾਕਿਸਤਾਨ ਦਾ ਸਭ ਵੱਡਾ ਸੂਬਾ ਹੈ, ਵਿੱਚ ਅਗਸਤ ਮਹੀਨੇ ਦੇ ਆਖਰ ’ਚ ਭਾਰੀ ਹੜ੍ਹ ਆਏ ਸਨ, ਜਿਸ ਕਾਰਨ ਵੱਡੇ ਪੈਮਾਨੇ ’ਤੇ ਤਬਾਹੀ ਹੋਈ ਸੀ। ਗੁਰਦੁਆਰਾ ਸਾਹਿਬ ਕੰਪਲੈਕਸ ’ਚ ਪਾਣੀ ਭਰ ਗਿਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਤੇ ਸੇਵਾਦਾਰ ਪਹਿਲੀ ਮੰਜ਼ਿਲ ’ਤੇ ਸੁਰੱਖਿਅਤ ਰਹੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਉੱਥੋਂ ਬਾਹਰ ਕੱਢ ਲਿਆ ਗਿਆ ਸੀ।

Advertisement

ਕਰਤਾਰਪੁਰ ਕੌਰੀਡੋਰ ਦਾ ਉਦਘਾਟਨ 2019 ਵਿੱਚ ਕੀਤਾ ਗਿਆ ਸੀ। ਇਹ ਲਾਂਘਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ (ਪਾਕਿਸਤਾਨ) ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਮਾਂ ਬਿਤਾਇਆ ਸੀ, ਨੂੰ ਭਾਰਤੀ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ’ਚ ਪੈਂਦੇ ਗੁਰਦੁਆਰਾ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। ਇਹ ਗਲਿਆਰਾ 4.7 ਕਿਲੋਮੀਟਰ ਲੰਬਾ ਹੈ ਜਿਸ ਰਾਹੀਂ ਭਾਰਤੀ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾਂਦੇ ਹਨ। ਹਾਲਾਂਕਿ ਭਾਰਤ ਨੇ ਪਾਕਿਸਤਾਨ-ਸਮਰਥਿਤ ਦਹਿਸ਼ਤਗਰਦਾਂ ਵੱਲੋਂ ਪਹਿਲਗਾਮ ’ਚ ਹਮਲਾ ਕੀਤੇ ਜਾਣ ਮਗਰੋਂ 7 ਮਈ ਨੂੰ ਲਾਂਘੇ ਰਾਹੀਂ ਸੰਚਾਲਨ ਮੁਅੱਤਲ ਕਰ ਦਿੱਤਾ ਸੀ। ਇਹ ਸੰਚਾਲਨ ਹਾਲੇ ਤੱਕ ਬਹਾਲ ਨਹੀਂ ਹੋਇਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲ ਹੀ ’ਚ ਗਲਿਆਰਾ ਮੁੜ ਖੋਲ੍ਹਣ ’ਤੇ ਜ਼ੋਰ ਦਿੱਤਾ ਸੀ ਅਤੇ ਆਖਿਆ ਸੀ ਕਿ ਉਹ ਜਲਦੀ ਹੀ ਇਸ ਸਬੰਧੀ ਕੇਂਦਰ ਨੂੰ ਪੱਤਰ ਲਿਖਣਗੇ। ਉਨ੍ਹਾਂ ਕਿਹਾ ਸੀ, ‘‘ਜੇਕਰ ਤੁਸੀਂ ਏਸ਼ੀਆ ਕੱਪ ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਦੇ ਆਗਿਆ ਦੇ ਸਕਦੇ ਹੋ ਤਾਂ ਫਿਰ ਪੰਜਾਬੀਆਂ ਦੇ ਪਾਕਿਸਤਾਨ ਸਥਿਤ ਧਾਰਮਿਕ ਅਸਥਾਨਾਂ ਪ੍ਰਤੀ ਉਨ੍ਹਾਂ ਦੀ ਸ਼ਰਧਾ ਨੂੰ ਕਿਉਂ ਨਜ਼ਰਅੰਦਾਜ਼ ਜਾਣਾ ਚਾਹੀਦਾ ਹੈ? ਜਾਂ ਤੁਸੀਂ ਪਾਕਿਸਤਾਨ ਨਾਲ ਹਰ ਤਰ੍ਹਾਂ ਤੇ ਸਬੰਧਾਂ ਆਗਿਆ ਦਿਓ ਜਾਂ ਫਿਰ ਕਿਸੇ ਵੀ ਚੀਜ਼ ਦੀ ਆਗਿਆ ਨਾ ਦਿੱਤੀ ਜਾਵੇ।’’

ਇਸੇ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੂੰ ਭਾਰਤ ਤੋਂ ਸ਼ਰਧਾਲੂਆਂ ਦੀਆਂ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ਜਿਸ ਵਿੱਚ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਵੀ ਸ਼ਾਮਲ ਹੈ, ਸਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਜ਼ੋਰ ਦੇ ਕੇ ਆਖਿਆ ਕਿ ਧਾਰਮਿਕ ਸਥਾਨ ’ਚ ਸੰਚਾਲਨ ਪੂਰੀ ਤਰ੍ਹਾਂ ਬਹਾਲ ਹੋ ਗਿਆ ਹੈ, ਹੜ੍ਹਾਂ ਨਾਲ ਹੋਏ ਨੁਕਸਾਨ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਸ਼ਰਧਾਲੂ ਸੁਰੱਖਿਅਤ ਅਤੇ ਆਰਾਮ ਨਾਲ ਦਰਸ਼ਨ ਕਰ ਸਕਦੇ ਹਨ।

Advertisement
×