ਸੂਰਤ ਦੇ ਡਿੰਡੋਲੀ ਇਲਾਕੇ ਵਿੱਚ ਇੱਕ ਸਕੂਲ ਅਧਿਆਪਕ ਨੇ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਣ ’ਤੇ ਆਪਣੇ 7 ਅਤੇ 2 ਸਾਲ ਦੇ ਦੋ ਬੱਚਿਆਂ ਨੂੰ ਜ਼ਹਿਰ ਦੇਣ ਮਗਰੋਂ ਖੁਦ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਅਧਿਆਪਕ ਅਲਪੇਸ਼ਭਾਈ ਕਾਂਤੀਭਾਈ ਸੋਲੰਕੀ ਦੀ ਪਤਨੀ ਫਾਲਗੁਨੀ ਅਤੇ ਉਸ ਦੇ ਕਥਿਤ ਪ੍ਰੇਮੀ ਨਰੇਸ਼ ਕੁਮਾਰ ਰਾਠੌੜ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਸੋਲੰਕੀ ਦੇ ਸੁਸਾਈਡ ਨੋਟ ਅਤੇ ਉਸ ਵੱਲੋਂ ਲਿਖੀਆਂ ਦੋ ਡਾਇਰੀਆਂ ਤੋਂ ਫਾਲਗੁਨੀ ਦੇ ਨਰੇਸ਼ ਕੁਮਾਰ ਰਾਠੌੜ ਨਾਲ ਕਥਿਤ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ, ਜਿਸ ਮਗਰੋਂ ਪੁਲੀਸ ਨੇ ਇਹ ਕਾਰਵਾਈ ਕੀਤੀ। ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) ਵਿਜੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ਤੋਂ ਚੂਹੇ ਮਾਰਨ ਵਾਲੇ ਜ਼ਹਿਰ ਦੀ ਇੱਕ ਖਾਲੀ ਬੋਤਲ ਅਤੇ ਇੱਕ ਸੋਡਾ ਵਾਟਰ ਦੀ ਬੋਤਲ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮਿਲੇ ਸੁਸਾਈਡ ਨੋਟ ਵਿੱਚ ਸੋਲੰਕੀ ਨੇ ਲਿਖਿਆ ਕਿ ਉਸ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਦੋਂ ਗੱਲ ਨਹੀਂ ਬਣੀ, ਤਾਂ ਉਸ ਨੇ ਇਹ ਕਦਮ ਚੁੱਕਿਆ।