ਗੁਜਰਾਤ: ਵੇਰਾਵਲ ਵਿੱਚ ਡਿੱਗੀ ਪੁਰਾਣੀ ਰਿਹਾਇਸ਼ੀ ਇਮਾਰਤ; 3 ਲੋਕਾਂ ਦੀ ਮੌਤ
80 ਸਾਲ ਪੁਰਾਣੀ ਤਿੰਨ ਮਜ਼ਿਲਾ ਇਮਾਰਤ ਢਹਿ-ਢੇਰੀ
Gujarat building collapse: ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਵੇਰਾਵਲ ਸ਼ਹਿਰ ਵਿੱਚ ਅੱਜ ਸਵੇਰੇ ਇੱਕ ਪੁਰਾਣੀ ਤਿੰਨ ਮੰਜ਼ਿਲਾ ਖੰਡਰ ਇਮਾਰਤ ਦੇ ਇੱਕ ਹਿੱਸੇ ਦੇ ਢਹਿ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ , ਜਦੋਂਕਿ ਦੋ ਲੋਕਾਂ ਨੂੰ ਬਚਾਇਆ ਗਿਆ।
ਸਥਾਨਕ ਲੋਕਾਂ ਅਨੁਸਾਰ ਇਹ ਇਮਾਰਤ ਲਗਭਗ 80 ਸਾਲ ਪੁਰਾਣੀ ਸੀ।
ਇੰਸਪੈਕਟਰ ਐਚਆਰ ਗੋਸਵਾਮੀ ਨੇ ਦੱਸਿਆ ਕਿ ਇਹ ਘਟਨਾ ਵੇਰਾਵਲ ਦੇ ਖਰਵਾਵੜ ਇਲਾਕੇ ਵਿੱਚ ਸਥਿਤ ਰਿਹਾਇਸ਼ੀ ਇਮਾਰਤ ਵਿੱਚ ਸਵੇਰੇ 1.30 ਵਜੇ ਦੇ ਕਰੀਬ ਵਾਪਰੀ।
ਗੋਸਵਾਮੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਮੋਟਰਸਾਈਕਲ ਸਵਾਰ ਵੀ ਸੀ ਜੋ ਇਲਾਕੇ ਵਿੱਚੋਂ ਲੰਘ ਰਿਹਾ ਸੀ। ਉਹ ਮਲਬੇ ਹੇਠ ਦੱਬ ਗਿਆ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਬਾਕੀ ਦੋ ਮ੍ਰਿਤਕਾਂ ਵਿੱਚ ਇੱਕ ਔਰਤ ਅਤੇ ਉਸਦੀ ਧੀ ਸ਼ਾਮਲ ਹੈ ਜੋ ਇਮਾਰਤ ਵਿੱਚ ਰਹਿੰਦੀ ਸੀ।
ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲੀਸ, ਸਿਵਲ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ, ਜੋ ਸਵੇਰੇ 5 ਵਜੇ ਤੱਕ ਜਾਰੀ ਰਿਹਾ। ਮਲਬੇ ਵਿੱਚੋਂ ਤਿੰਨ ਲਾਸ਼ਾਂ ਕੱਢੀਆਂ ਗਈਆਂ, ਜਦੋਂ ਕਿ ਦੋ ਵਿਅਕਤੀਆਂ ਨੂੰ ਬਚਾਇਆ ਗਿਆ।
ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਦਿਨੇਸ਼ ਜੰਗੀ (34), ਦੇਵਕੀਬੇਨ ਸੁਯਾਨੀ (65) ਅਤੇ ਉਨ੍ਹਾਂ ਦੀ ਧੀ ਜਸ਼ੋਦਾ (35) ਵਜੋਂ ਹੋਈ ਹੈ। ਪੁਲੀਸ ਅਨੁਸਾਰ, ਸੁਯਾਨੀ ਦੇ ਪਤੀ ਅਤੇ ਇੱਕ ਹੋਰ ਔਰਤ ਨੂੰ ਬਚਾਇਆ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।