Gujarat HC extends Asaram's temporary bail ਗੁਜਰਾਤ ਹਾਈ ਕੋਰਟ ਨੇ ਆਸਾਰਾਮ ਦੀ ਆਰਜ਼ੀ ਜ਼ਮਾਨਤ ਇੱਕ ਮਹੀਨਾ ਵਧਾਈ
ਅਹਿਮਦਾਬਾਦ, 3 ਜੁਲਾਈ
ਗੁਜਰਾਤ ਹਾਈ ਕੋਰਟ ਨੇ ਅੱਜ ਆਸਾਰਾਮ ਦੀ ਆਰਜ਼ੀ ਜ਼ਮਾਨਤ ਨੂੰ ਇੱਕ ਮਹੀਨਾ ਹੋਰ ਵਧਾ ਦਿੱਤਾ ਹੈ। ਅਦਾਲਤ ਨੇ ਨਾਲ ਹੀ ਸਪਸ਼ਟ ਕੀਤਾ ਕਿ ਇਸ ਤੋਂ ਬਾਅਦ ਜ਼ਮਾਨਤ ਵਧਾਈ ਨਹੀਂ ਜਾਵੇਗੀ। 2013 ਦੇ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਆਸਾਰਾਮ (86) ਮੈਡੀਕਲ ਆਧਾਰ 'ਤੇ ਜ਼ਮਾਨਤ 'ਤੇ ਹਨ।
ਜਸਟਿਸ ਇਲੇਸ਼ ਵੋਰਾ ਅਤੇ ਪੀਐਮ ਰਾਵਲ ਦੇ ਡਿਵੀਜ਼ਨ ਬੈਂਚ ਨੇ ਆਸਾਰਾਮ ਦੀ ਆਰਜ਼ੀ ਜ਼ਮਾਨਤ ਨੂੰ ਇੱਕ ਮਹੀਨਾ ਹੋਰ ਵਧਾ ਦਿੱਤਾ ਹੈ। ਅਦਾਲਤ ਵੱਲੋਂ 28 ਮਾਰਚ ਨੂੰ ਦਿੱਤੀ ਗਈ ਜ਼ਮਾਨਤ ਦੀ ਮਿਆਦ 30 ਜੂਨ ਨੂੰ ਖਤਮ ਹੋਣ ਤੋਂ ਪਹਿਲਾਂ ਅਦਾਲਤ ਨੇ ਉਸ ਵਿਚ 7 ਜੁਲਾਈ ਤੱਕ ਅੰਤਰਿਮ ਵਾਧਾ ਕੀਤਾ ਸੀ। ਅੱਜ ਸੁਣਵਾਈ ਦੌਰਾਨ ਆਸਾਰਾਮ ਦੇ ਵਕੀਲ ਨੇ ਜ਼ਮਾਨਤ ਨੂੰ ਤਿੰਨ ਮਹੀਨੇ ਹੋਰ ਵਧਾਉਣ ਦੀ ਮੰਗ ਕੀਤੀ। ਹਾਲਾਂਕਿ, ਹਾਈ ਕੋਰਟ ਨੇ ਕਿਹਾ ਕਿ ਉਹ ਸਿਰਫ ਇੱਕ ਮਹੀਨੇ ਲਈ ਜ਼ਮਾਨਤ ਵਧਾਏਗਾ ਅਤੇ ਇਹ ਅੰਤਿਮ ਵਾਧਾ ਹੋਵੇਗਾ।
ਗਾਂਧੀਨਗਰ ਦੀ ਇੱਕ ਅਦਾਲਤ ਨੇ ਜਨਵਰੀ 2023 ਵਿੱਚ ਆਸਾਰਾਮ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ 2013 ਵਿੱਚ ਰਾਜਸਥਾਨ ਵਿੱਚ ਆਪਣੇ ਆਸ਼ਰਮ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਇੱਕ ਹੋਰ ਮਾਮਲੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।