ਗੁਜਰਾਤ ਸਰਕਾਰ ਅੰਗਰੇਜ਼ਾਂ ਤੋਂ ਵੀ ਵੱਧ ਜ਼ੁਲਮੀ: ਕੇਜਰੀਵਾਲ
ਜੇਲ੍ਹ ’ਚ ਕਿਸਾਨਾਂ ਨੂੰ ਮਿਲਣ ਲਈ ਇਜਾਜ਼ਤ ਨਾ ਦੇਣ ’ਤੇ ਸੇਧੇ ਨਿਸ਼ਾਨੇ
ਗੁਜਰਾਤ ਦੌਰੇ ’ਤੇ ਆਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਗੁਜਰਾਤ ਸਰਕਾਰ ਨੇ ਉਨ੍ਹਾਂ ਨੂੰ ਰਾਜਕੋਟ ਜੇਲ੍ਹ ’ਚ ਬੰਦ ਕਿਸਾਨਾਂ ਅਤੇ ਪਾਰਟੀ ਵਰਕਰਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਗੁਜਰਾਤ ਸਰਕਾਰ ’ਤੇ ਅੰਗਰੇਜ਼ਾਂ ਨਾਲੋਂ ਵੀ ਵਧੇਰੇ ਜ਼ੁਲਮੀ ਹੋਣ ਦਾ ਦੋਸ਼ ਲਾਇਆ। ਦੱਸਣਾ ਬਣਦਾ ਹੈ ਕਿ ਪੁਲੀਸ ਨੇ ਅਕਤੂਬਰ ’ਚ ਬੋਟਾਦ ਜ਼ਿਲ੍ਹੇ ਦੇ ਪਿੰਡ ਹਦਾਦ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ 88 ਕਿਸਾਨਾਂ ਤੇ ਕੁਝ ‘ਆਪ’ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ’ਤੋਂ 46 ਅਜੇ ਵੀ ਸਲਾਖਾਂ ਪਿੱਛੇ ਹਨ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਜੇਲ੍ਹ ’ਚ ਬੰਦ ਕਿਸਾਨਾਂ ਨੂੰ ਮਿਲਣ ਲਈ ਇਜਾਜ਼ਤ ਮੰਗੀ ਸੀ, ਪਰ ਗੁਜਰਾਤ ਸਰਕਾਰ ਨੇ ਆਗਿਆ ਨਹੀਂ ਦਿੱਤੀ। ਉਨ੍ਹਾਂ ਸਵਾਲ ਚੁੱਕਿਆ, “ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ? ਕੀ ਮੈਂ ਕੋਈ ਅਤਿਵਾਦੀ ਜਾਂ ਕੋਈ ਅਪਰਾਧੀ?”
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਜੇਲ੍ਹ ’ਚ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਸਾਥੀਆਂ ਨੂੰ ਵੀ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਨਹੀਂ ਰੋਕਿਆ ਗਿਆ। ਸਾਡੇ ਆਜ਼ਾਦੀ ਘੁਲਾਟੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਦੇਸ਼ ਆਜ਼ਾਦ ਹੋਣ ਮਗਰੋਂ ਅਜਿਹੀ ਸਰਕਾਰ ਬਣੇਗੀ ਜੋ ਅੰਗਰੇਜ਼ਾਂ ਨਾਲੋਂ ਵੀ ਭੈੜੀ ਤੇ ਵਧੇਰੇ ਜ਼ੁਲਮੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇੱਥੋਂ ਦੀ ਸਰਕਾਰ ਨੇ ਜੇਲ੍ਹ ’ਚ ਬੰਦ ਕੀਤੇ ਕਿਸਾਨਾਂ ਨੂੰ 24 ਘੰਟਿਆਂ ਤੱਕ ਪਾਣੀ ਤੱਕ ਨਹੀਂ ਦਿੱਤਾ।
ਇੰਡੀਗੋ ਮਾਮਲਾ ਵੱਡੇ ਘੁਟਾਲੇ ਦਾ ਹਿੱਸਾ
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਖ਼ਦਸ਼ਾ ਜਤਾਇਆ ਕਿ ਇੰਡੀਗੋ ਸੇਵਾਵਾਂ ’ਚ ਵਿਘਨ ਅਤੇ ਵੱਡੇ ਪੱਧਰ ’ਤੇ ਉਡਾਣਾ ਰੱਦ ਹੋਣ ਦੇ ਮਾਮਲੇ ’ਚ ਕੇਂਦਰ ਸਰਕਾਰ ਸ਼ਾਮਲ ਹੋ ਸਕਦੀ ਹੈ। ਇਹ ਸਾਰਾ ਮਾਮਲਾ ਵੱਡੇ ਘੁਟਾਲੇ ਦੀ ਗਵਾਹੀ ਭਰਦਾ ਹੈ। ਇਸ ਲਈ ਬਣਾਈ ਜਾਂਚ ਕਮੇਟੀ ਸਿਰਫ਼ ਦਿਖਾਵਾ ਹੈ।

