ਗੁਜਰਾਤ: ਕਾਰ ਤੇ ਟਰੱਕ ਦੀ ਟੱਕਰ ’ਚ ਦੋ ਨਾਬਾਲਗਾਂ ਸਣੇ ਚਾਰ ਜਣੇ ਜਿਊਂਦੇ ਸੜੇ
ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਹਾਈਵੇਅ ’ਤੇ ਦੋ ਭਾਰੀ ਵਾਹਨਾਂ ਤੇ ਕਾਰ ਦੀ ਟੱਕਰ ਵਿਚ ਦੋ ਨਾਬਾਲਗਾਂ ਸਣੇ ਚਾਰ ਜਣੇ ਜਿਊਂਦੇ ਸੜ ਗਏ। ਹਾਦਸਾ ਕੌਮੀ ਸ਼ਾਹਰਾਹ ’ਤੇ ਪਿੰਡ ਹਰੀਪਾੜ ਨੇੜੇ ਵੀਰਵਾਰ ਰਾਤ ਨੂੰ 11 ਵਜੇ ਦੇ ਕਰੀਬ ਹੋਇਆ। ਐੱਸਪੀ ਰਾਹੁਲ ਤ੍ਰਿਪਾਠੀ ਨੇ ਦੱਸਿਆ ਕਿ ਇਕ ਕੰਨਟੇਨਰ ਜੋ ਗ਼ਲਤ ਪਾਸਿਓਂ ਸੜਕ ’ਤੇ ਚੜ੍ਹਿਆ ਸੀ, ਪਲਟ ਗਿਆ। ਇਸ ਕਰਕੇ ਇਕ ਟਰੱਕ ਤੇ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਤੇ ਟਰੱਕ ਨੂੰ ਅੱਗ ਲੱਗ ਗਈ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਪਹਿਲੀ ਨਜ਼ਰੇ ਕਾਰ ਦੇ ਨਾਲ ਜਾ ਰਹੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਇਸ ਨੂੰ ਭਿਆਨਕ ਅੱਗ ਲੱਗ ਗਈ। ਟੱਕਰ ਵਿੱਚ ਟਰੱਕ ਨੂੰ ਵੀ ਅੱਗ ਲੱਗੀ। ਚਾਰ ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ।’’ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਕਾਰ ਵਿੱਚ ਸਵਾਰ ਦੋ ਵਿਦਿਆਰਥੀ ਅਤੇ ਟਰੱਕ ਵਿੱਚ ਸਵਾਰ ਦੋ ਵਿਅਕਤੀ ਸ਼ਾਮਲ ਹਨ। ਤ੍ਰਿਪਾਠੀ ਨੇ ਕਿਹਾ, ‘‘ਜੂਨਾਗੜ੍ਹ ਦੇ ਬੋਰਡਿੰਗ ਸਕੂਲ ਦੇ ਵਿਦਿਆਰਥੀ ਕੱਛ ਜ਼ਿਲ੍ਹੇ ਵਿੱਚ ਆਪਣੇ ਜੱਦੀ ਸ਼ਹਿਰ ਵੱਲ ਜਾ ਰਹੇ ਸਨ। ਹਾਦਸੇ ਵਿਚ ਸੱਤ ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਚਾਇਆ ਅਤੇ ਇੱਕ ਨੂੰ ਨਿੱਜੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ।’’
ਮ੍ਰਿਤਕਾਂ ਦੀ ਸ਼ਨਾਖਤ ਰੁਦਰਾ ਗੁਜਾਰੀਆ(15), ਜਾਮਿਨ ਬਬਾਰੀਆ (17) ਦੋਵੇਂ ਕਾਰ ਸਵਾਰ ਅਤੇ ਸ਼ਿਵਮ ਨਾਈ ਵਾਸੀ ਬੀਕਾਨੇਰ ਰਾਜਸਥਾਨ ਵਜੋਂ ਹੋਈ ਹੈ। ਹਾਦਸੇ ਦੇ ਚੌਥੇ ਪੀੜਤ ਦੀ ਪਛਾਣ ਨਹੀਂ ਹੋ ਸਕੀ। ਲਾਸ਼ਾਂ ਪੋਸਟ ਮਾਰਟਮ ਲਈ ਰਾਜਕੋਟ ਭੇਜ ਦਿੱਤੀਆਂ ਗਈਆਂ ਹਨ ਤੇ ਜਾਂਚ ਜਾਰੀ ਹੈ।