DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਜਰਾਤ: ਵਡੋਦਰਾ ਪੁਲ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ 17 ਹੋਈ

ਅਧਿਕਾਰੀਆਂ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ
  • fb
  • twitter
  • whatsapp
  • whatsapp
Advertisement

ਵਡੋਦਰਾ, 10 ਜੁਲਾਈ

ਗੁਜਰਾਤ ਦੇ ਵਡੋਦਰਾ ਨੇੇੜੇ ਮੁਜਪੁਰ ਵਿਚ ਪੁਲ ਡਿੱਗਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਦੋ ਹੋਰ ਲਾਸ਼ਾਂ ਮਿਲਣ ਦਾ ਦਾਅਵਾ ਕੀਤਾ ਹੈ। ਗੰਭੀਰਾ ਪਿੰਡ ਨੇੜੇ ਮਾਹੀਸਾਗਰ ਨਦੀ ’ਤੇ ਬਣੇ ਚਾਰ ਦਹਾਕੇ ਪੁਰਾਣੇ ਪੁਲ ਦਾ ਬੁੱਧਵਾਰ ਨੂੰ ਇਕ ਹਿੱਸਾ ਢਹਿਣ ਕਰਕੇ ਕਈ ਵਾਹਨ ਨਦੀ ਵਿਚ ਡਿੱਗ ਗਏ ਸਨ। ਵਡੋਦਰਾ ਦੇ ਡੀਐੱਸਪੀ ਰੋਹਨ ਆਨੰਦ ਨੇ ਕਿਹਾ, ‘‘ਬੁੱਧਵਾਰ ਰਾਤ ਨੂੰ ਮਾਹੀਸਾਗਰ ਨਦੀ ਵਿਚੋਂ ਦੋ ਹੋਰ ਲਾਸ਼ਾਂ ਮਿਲਣ ਨਾਲ ਪੁਲ ਢਹਿਣ ਕਰਕੇ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਇਸ ਹਾਦਸੇ ਵਿਚ ਪੰਜ ਜਣੇ ਜ਼ਖ਼ਮੀ ਹੋ ਗਏ ਸਨ, ਜੋ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।’’ ਜਿਨ੍ਹਾਂ ਦੋ ਪੀੜਤਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਦੀ ਪਛਾਣ ਮਹਿਰਾਮ ਹਥੀਆ (51) ਤੇ ਵਿਸ਼ਨੂ ਰਾਵਲ (27) ਵਜੋਂ ਹੋਈ ਹੈ।

Advertisement

ਆਨੰਦ ਨੇ ਕਿਹਾ ਕਿ ਬਚਾਏ ਗਏ ਨੌਂ ਵਿਅਕਤੀਆਂ ਵਿੱਚੋਂ ਪੰਜ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਵਡੋਦਰਾ ਦੇ ਐੱਸਐੱਸਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਕਿ ਸੜਕ ਅਤੇ ਇਮਾਰਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਵੀਰਵਾਰ ਸਵੇਰੇ ਇੱਥੇ ਉੱਚ ਪੱਧਰੀ ਜਾਂਚ ਕਰਨ ਲਈ ਪਹੁੰਚੀ। ਐੱਨਡੀਆਰਐੱਫ ਅਤੇ ਹੋਰ ਏਜੰਸੀਆਂ ਵੱਲੋਂ ਨਦੀ ਵਿੱਚ ਖੋਜ ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਸੀ। ਬਿਆਨ ਵਿੱਚ ਕਿਹਾ ਗਿਆ ਕਿ ਵਡੋਦਰਾ ਦੇ ਕੁਲੈਕਟਰ ਅਨਿਲ ਧਮੇਲੀਆ ਸਮੇਤ ਵੱਖ-ਵੱਖ ਅਧਿਕਾਰੀ ਵੀਰਵਾਰ ਸਵੇਰੇ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਦਾ ਨਿਰੀਖਣ ਕੀਤਾ ਜਦੋਂ ਕਿ ਮਾਲੀਆ ਅਧਿਕਾਰੀ ਅਤੇ ਪੁਲੀਸ ਟੀਮਾਂ ਨੇ ਰਾਤ ਤੋਂ ਹੀ ਉਥੇ ਡੇਰੇ ਲਾਏ ਹੋਏ ਹਨ। -ਪੀਟੀਆਈ

ਮੁੱਖ ਮੰਤਰੀ ਵੱਲੋਂ ਚਾਰ ਇੰਜਨੀਅਰ ਮੁਅੱਤਲ

ਅਹਿਮਦਾਬਾਦ: ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਪੁਲ ਡਿੱਗਣ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਸੜਕ ਅਤੇ ਭਵਨ ਨਿਰਮਾਣ ਬਾਰੇ ਵਿਭਾਗ ਦੇ ਚਾਰ ਇੰਜਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਮਾਹਿਰਾਂ ਵੱਲੋਂ ਪੁਲਾਂ ਦੀ ਮੁਰੰਮਤ, ਜਾਂਚ ਅਤੇ ਉਨ੍ਹਾਂ ਦੀ ਗੁਣਵੱਤਾ ਸਬੰਧੀ ਸੌਂਪੀ ਰਿਪੋਰਟ ਮਗਰੋਂ ਇਹ ਕਾਰਵਾਈ ਕੀਤੀ ਹੈ। ਮੁਅੱਤਲ ਕੀਤੇ ਗਏ ਇੰਜਨੀਅਰਾਂ ’ਚ ਕਾਰਜਕਾਰੀ ਇੰਜਨੀਅਰ ਐੱਨਐੱਮ ਨਾਇਕਵਾਲਾ, ਉਪ ਕਾਰਜਕਾਰੀ ਇੰਜਨੀਅਰ ਯੂਸੀ ਪਟੇਲ ਤੇ ਆਰਟੀ ਪਟੇਲ ਅਤੇ ਸਹਾਇਕ ਇੰਜਨੀਅਰ ਜੇਵੀ ਸ਼ਾਹ ਸ਼ਾਮਲ ਹਨ। ਮੁੱਖ ਮੰਤਰੀ ਨੇ ਸੂਬੇ ਦੇ ਹੋਰ ਪੁਲਾਂ ਦੀ ਫੌਰੀ ਜਾਂਚ ਦੇ ਵੀ ਹੁਕਮ ਦਿੱਤੇ ਹਨ। -ਪੀਟੀਆਈ

ਚਾਰ ਸਾਲਾਂ ਅੰਦਰ ਗੁਜਰਾਤ ’ਚ 16 ਪੁਲ ਡਿੱਗੇ: ਕਾਂਗਰਸ

ਨਵੀਂ ਦਿੱਲੀ: ਗੁਜਰਾਤ ’ਚ ਵਾਪਰੇ ਪੁਲ ਹਾਦਸੇ ਤੋਂ ਇੱਕ ਦਿਨ ਬਾਅਦ ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਲੰਘੇ ਚਾਰ ਸਾਲਾਂ ਅੰਦਰ ਸੂਬੇ ’ਚ ਅਜਿਹੇ 16 ਹਾਦਸੇ ਵਾਪਰ ਚੁੱਕੇ ਹਨ। ਕਾਂਗਰਸ ਨੇ ਇਸ ਦੀ ਜਾਂਚ ਲਈ ਸਿੱਟ ਦੀ ਮੰਗ ਕੀਤੀ ਤੇ ਨਾਲ ਹੀ ਮੰਗ ਪੂਰੀ ਨਾ ਹੋਣ ’ਤੇ ਸੜਕਾਂ ’ਤੇ ਉਤਰਨ ਦੀ ਚਿਤਾਵਨੀ ਵੀ ਦਿੱਤੀ। ਮੁੱਖ ਮੰਤਰੀ ਭੁਪੇਂਦਰ ਪਟੇਲ ਤੋਂ ਅਸਤੀਫੇ ਦੀ ਮੰਗ ਕਰਦਿਆਂ ਵਿਰੋਧੀ ਧਿਰ ਨੇ ਵਡੋਦਰਾ ਜ਼ਿਲ੍ਹੇ ’ਚ ਪੁਲ ਢਹਿਣ ਦੀ ਘਟਨਾ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਅਤੇ ਦੋਸ਼ ਲਾਇਆ ਕਿ ਉਸ ਦੀ ਲੀਡਰਸ਼ਿਪ ਤੇ ਸਰਕਾਰ ਬੇਪ੍ਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਅਤੇ ਸ਼ਾਸਨ ਦੇ ਨਾਂ ’ਤੇ ਸਿਰਫ਼ ਭਾਸ਼ਣ ਤੇ ਇਸ਼ਤਿਹਾਰਬਾਜ਼ੀ ’ਚ ਰੁੱਝੀ ਹੋਈ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਸ਼ਾਸਨ ’ਚ ਲੀਡਰਸ਼ਿਪ ਦਾ ਸੰਕਟ ਹੈ, ਚਾਰੇ ਪਾਸੇ ਭ੍ਰਿਸ਼ਟਾਚਾਰ ਤੇ ਅਸਮਰੱਥਾ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਜਨਤਾ ਇਸ ਦਾ ਕਰਾਰਾ ਜਵਾਬ ਦੇਵੇਗੀ। ਵਡੋਦਰਾ ਜ਼ਿਲ੍ਹੇ ’ਚ ਬੀਤੇ ਦਿਨ ਚਾਰ ਦਹਾਕੇ ਪੁਰਾਣੇ ਪੁਲ ਦਾ ਇੱਕ ਹਿੱਸਾ ਢਹਿਣ ਕਾਰਨ ਕਈ ਵਾਹਨ ਮਹਿਸਾਗਰ ਨਦੀ ’ਚ ਡਿੱਗਣ ਕਾਰਨ ਘੱਟ ਤੋਂ ਘੱਟ 17 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੰਜ ਮੁਲਕਾਂ ਦੀ ਅਧਿਕਾਰਤ ਯਾਤਰਾ ਮੁਕੰਮਲ ਹੋਣ ਮਗਰੋਂ ਅੱਜ ਤਨਜ਼ ਕਸਦਿਆਂ ਕਿਹਾ ਕਿ ਉਹ ਹੁਣ ਚਾਹੁਣ ਤਾਂ ਮੌਨਸੂਨ ਸੈਸ਼ਨ ਦਾ ਏਜੰਡਾ ਤੈਅ ਕਰਨ ਲਈ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਨ ਦੇ ਨਾਲ ਨਾਲ ਮਨੀਪੁਰ ਜਾਣ ਅਤੇ ਪਹਿਲਗਾਮ ਹਮਲੇ ਦੇ ਅਤਿਵਾਦੀਆਂ ਨੂੰ ਹੁਣ ਤੱਕ ਨਿਆਂ ਦੇ ਕਟਹਿਰੇ ’ਚ ਕਿਉਂ ਨਹੀਂ ਲਿਆਂਦਾ ਗਿਆ, ਦੀ ਸਮੀਖਿਆ ਕਰਨ ਦਾ ਫ਼ੈਸਲਾ ਕਰ ਸਕਦੇ ਹਨ। ਰਮੇਸ਼ ਨੇ ਕਿਹਾ, ‘‘ਭਾਰਤ ਆਪਣੇ ਸੁਪਰ ਪ੍ਰੀਮੀਅਮ ਫ੍ਰੀਕੁਐਂਟ ਫਲਾਇਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਾ ਹੈ, ਜੋ ਸ਼ਾਇਦ ਤਿੰਨ ਹਫ਼ਤਿਆਂ ਲਈ ਦੇਸ਼ ਵਿੱਚ ਰਹਿਣਗੇ ਅਤੇ ਫਿਰ ਦੁਬਾਰਾ ਯਾਤਰਾ ਕਰਨਗੇ।’’ -ਪੀਟੀਆਈ

Advertisement
×