ਗੁਜਰਾਤ: ਸਕੂਲ ਵਿੱਚ ਦਸਵੀਂ ਦੇ ਵਿਦਿਆਰਥੀ ਦੀ ਸਾਥੀ ਵੱਲੋਂ ਹੱਤਿਆ
ਅਹਿਮਦਾਬਾਦ ਦੇ ਨਿੱਜੀ ਸਕੂਲ ’ਚ ਦਸਵੀਂ ਦੇ ਵਿਦਿਆਰਥੀ ਦੀ ਉਸ ਦੇ ਜਮਾਤੀ ਨੇ ਮਾਮੂਲੀ ਤਕਰਾਰ ਕਾਰਨ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਘਟਨਾ ਮਗਰੋਂ ਅੱਜ ਭੀੜ ਵੱਲੋਂ ਸਕੂਲ ਵਿੱਚ ਭੰਨਤੋੜ ਕੀਤੀ ਗਈ। ਪੁਲੀਸ ਨੇ ਮੁਲਜ਼ਮ ਨਾਬਾਲਗ ਵਿਦਿਆਰਥੀ ਨੂੰ ਹਿਰਾਸਤ ’ਚ ਲੈ ਲਿਆ ਹੈ।
ਪੁਲੀਸ ਦੇ ਜੁਆਇੰਟ ਕਮਿਸ਼ਨਰ ਜੈਪਾਲ ਸਿੰਘ ਰਾਠੌੜ ਨੇ ਕਿਹਾ, ‘‘ਸੈਵਨਥ ਡੇਅ ਸਕੂਲ ’ਚ ਲੰਘੇ ਦਿਨ ਦਸਵੀਂ ਕਲਾਸ ਦੇ ਵਿਦਿਆਰਥੀ ’ਤੇ ਉਸ ਦੇ ਜਮਾਤੀ ਨੇ ਚਾਕੂ ਮਾਰ ਨਾਲ ਹਮਲਾ ਕੀਤਾ। ਪੀੜਤ ਵਿਦਿਆਰਥੀ ਦੀ ਮੰਗਲਵਾਰ ਰਾਤ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਨਾਬਾਲਗ ਮੁਲਜ਼ਮ ਨੂੰ ਹਿਰਾਸਤ ’ਚ ਲੈ ਗਿਆ ਹੈ।’’ ਸੂਬੇ ਦੇ ਸਿੱਖਿਆ ਮੰਤਰੀ ਪ੍ਰਫੁੱਲ ਪਨਸ਼ੇਰੀਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਰਹੀ ਹੈ। ਸਿੱਖਿਆ ਵਿਭਾਗ ਕੇਸ ਦੀ ਪੜਤਾਲ ਕਰੇਗਾ।
ਦੂਜੇ ਪਾਸੇ ਅੱਜ ਸਵੇਰੇ ਸੈਂਕੜੇ ਲੋਕ ਜਿਨ੍ਹਾਂ ਵਿੱਚ ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ, ਸਕੂਲ ਕੰਪਲੈਕਸ ’ਚ ਦਾਖਲ ਹੋ ਗਏ ਤੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪੁਲੀਸ ਮੁਤਾਬਕ ਭੀੜ ਨੇ ਸੰਸਥਾ ’ਚ ਖੜ੍ਹੀਆਂ ਸਕੂਲ ਬੱਸਾਂ, ਦੋਪਹੀਆ ਤੇ ਚਾਰ ਪਹੀਆਂ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਸਕੂਲ ਸਟਾਫ ’ਤੇ ਹਮਲਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਾਫੀ ਜੱਦੋਜਹਿਦ ਮਗਰੋਂ ਭੀੜ ਨੂੰ ਸਕੂਲ ਕੰਪਲੈਕਸ ’ਚੋਂ ਬਾਹਰ ਕੱਢਿਆ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਧਰਨਾ ਕੇ ਆਵਾਜਾਈ ਰੋਕ ਦਿੱਤੀ ਅਤੇ ਨਾਅਰੇਬਾਜ਼ੀ ਕਰਦਿਆਂ ਸਕੂਲ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਪੁਲੀਸ ਦੀ ਅਪਰਾਧ ਸ਼ਾਖਾ ਦੇ ਜੁਆਇੰਟ ਕਮਿਸ਼ਨਰ ਸ਼ਰਦ ਸਿੰਘਲ ਨੇ ਦੱਸਿਆ ਕਿ ਸਿਟੀ ਪੁਲੀਸ ਕਮਿਸ਼ਨਰ ਨੇ ਪ੍ਰਦਰਸ਼ਨਕਾਰੀਆਂ ਦੀ ਮਾਮਲੇ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪਣ ਮੰਗ ਸਵੀਕਾਰ ਕਰ ਲਈ ਹੈ।