Gujarat Accident: ਐੈੱਸਯੂਵੀ ਤੇ ਬੱਸ ਦੀ ਟੱਕਰ ਵਿਚ ਦੰਪਤੀ ਤੇ ਉਨ੍ਹਾਂ ਦੇ ਦੋ ਪੁੱਤਰਾਂ ਸਣੇ ਪੰਜ ਦੀ ਮੌਤ, 9 ਜ਼ਖ਼ਮੀ
ਪਾਲਨਪੁਰ(ਗੁਜਰਾਤ), 27 ਫਰਵਰੀ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਐੱਸਯੂਵੀ ਤੇ ਬੱਸ ਦੀ ਟੱਕਰ ਵਿਚ ਦੰਪਤੀ ਜੋੜੇ ਤੇ ਉਨ੍ਹਾਂ ਦੇ ਦੋ ਪੁੱਤਰਾਂ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 9 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਹਾਦਸਾ ਅਮੀਰਗੜ੍ਹ ਕਸਬੇ ਨੇੜੇ ਸ਼ਾਮੀਂ ਸਾਢੇ ਚਾਰ ਵਜੇ ਦੇ ਕਰੀਬ ਹੋਇਆ। ਹਾਦਸੇ ਵਿਚ ਸ਼ਾਮਲ ਬੱਸ ਰਾਜਸਥਾਨ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਸੀ।
ਅਮੀਰਗੜ੍ਹ ਦੇ ਪੁਲੀਸ ਇੰਸਪੈਕਟਰ ਐੱਸ.ਕੇ.ਪਰਮਾਰ ਨੇ ਕਿਹਾ , ‘‘ਜਦੋਂ ਹਾਦਸਾ ਹੋਇਆ ਬੱਸ ਅਹਿਮਦਾਬਾਦ ਤੋਂ ਰਾਜਸਥਾਨ ਦੇ ਸਿਰੋਹੀ ਵੱਲ ਜਾ ਰਹੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਐੱਸਯੂਵੀ ਦਾ ਡਰਾਈਵਰ, ਜਿਸ ਦੀ ਹਾਦਸੇ ਵਿਚ ਮੌਤ ਹੋ ਗਈ, ਹਾਈਵੇਅ ’ਤੇ ਗਲਤ ਪਾਸਿਓਂ ਬੜੀ ਲਾਪਰਵਾਹੀ ਨਾਲ ਵਾਹਨ ਚਲਾ ਰਿਹਾ ਸੀ।’’ ਹਾਦਸੇ ਵਿਚ ਐੱਸਯੂਵੀ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਵਿਚ ਡਰਾਈਵਰ ਦਿਲੀਪ ਖੋਖਰੀਆ (32) ਵੀ ਸ਼ਾਮਲ ਹੈ। ਨੌਂ ਜ਼ਖ਼ਮੀਆਂ ਵਿਚੋਂ ਛੇ ਬੱਸ ਵਿਚ ਸਵਾਰ ਸਨ।
ਹੋਰਨਾਂ ਮ੍ਰਿਤਕਾਂ ਦੀ ਪਛਾਣ ਖੋਖਰੀਆ ਦੀ ਪਤਨੀ ਮੇਵਲੀਬੇਨ (28), ਉਨ੍ਹਾਂ ਦੇ ਦੋ ਪੁੱਤਰ ਰੋਹਿਤ(6) ਤੇ ਰਿਤਵਿਕ (3) ਅਤੇ ਸੁੰਦਰੀਬੇਨ ਸੋਲੰਕੀ (60) ਸਾਰੇ ਵਾਸੀ ਧਨਪੁਰਾ (ਅਮੀਰਗੜ੍ਹ ਤਾਲੁਕਾ) ਵਜੋਂ ਹੋਈ ਹੈ। ਪਰਮਾਰ ਨੇ ਕਿਹਾ, ‘‘ਬੱਸ ਅਹਿਮਦਾਬਾਦ ਤੋਂ ਸਿਰੋਹੀ ਜਾ ਰਹੀ ਸੀ ਜਦੋਂ ਐੱਸਯੂਵੀ ਚਾਲਕ ਨੇ ਹਾਈਵੇਅ ’ਤੇ ਚੜ੍ਹ ਕੇ ਗ਼ਲਤ ਪਾਸਿਓਂ ਬੱਸ ਵਿਚ ਟੱਕਰ ਮਾਰੀ।’’ ਪੀਟੀਆਈ