ਕੇਂਦਰ ਸਰਕਾਰ ਜੀ ਐੱਸ ਟੀ ਦਰਾਂ ਵਿੱਚ ਕਟੌਤੀ ਮਗਰੋਂ ਈ-ਕਾਮਰਸ ਪਲੇਟਫਾਰਮਾਂ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ। ਸਰਕਾਰੀ ਸੂਤਰ ਨੇ ਦੱਸਿਆ ਕਿ ਸਰਕਾਰ ਇਹ ਦੇਖ ਰਹੀ ਹੈ ਕਿ ਈ-ਕਾਮਰਸ ਕੰਪਨੀਆਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ (ਐੱਫ ਐੱਮ ਸੀ ਜੀ) ਦੀਆਂ ਦਰਾਂ ਘਟਣ ਦਾ ਫਾਇਦਾ ਗਾਹਕਾਂ ਨੂੰ ਦੇ ਰਹੀਆਂ ਹਨ ਜਾਂ ਨਹੀਂ। ਸੂਤਰ ਨੇ ਕਿਹਾ, ‘ਅਸੀਂ ਕੀਮਤਾਂ ਵਿੱਚ ਬਦਲਾਅ ਦੀ ਨਿਗਰਾਨੀ ਕਰ ਰਹੇ ਹਾਂ। ਫੀਲਡ ਦਫ਼ਤਰ ਇਸ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਾਨੂੰ 30 ਸਤੰਬਰ ਤੱਕ ਉਨ੍ਹਾਂ ਤੋਂ ਪਹਿਲੀ ਰਿਪੋਰਟ ਮਿਲ ਜਾਵੇਗੀ।’ ਇਹ ਕਦਮ ਉਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਚੁੱਕਿਆ ਗਿਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੁਝ ਈ-ਕਾਮਰਸ ਵੈੱਬਸਾਈਟਾਂ ’ਤੇ ਵਿਕ ਰਹੀਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਕਟੌਤੀ ਨਹੀਂ ਕੀਤੀ ਗਈ ਹੈ। -ਪੀਟੀਆਈ