ਜੀਐੱਸਟੀ ਉਗਰਾਹੀ ਜੂਨ ’ਚ 6.2 ਫ਼ੀਸਦ ਵੱਧ ਕੇ 1.84 ਲੱਖ ਕਰੋੜ ਰੁਪਏ ਹੋਈ
ਨਵੀਂ ਦਿੱਲੀ, 1 ਜੁਲਾਈ
ਕੁੱਲ ਜੀਐੱਸਟੀ (ਵਸਤੂ ਤੇ ਸੇਵਾ ਕਰ) ਕੁਲੈਕਸ਼ਨ ਜੂਨ ਮਹੀਨੇ ’ਚ 6.2 ਫ਼ੀਸਦ ਵਧ ਕੇ 1.84 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਪਰ ਇਹ ਪਿਛਲੇ ਦੋ ਮਹੀਨਿਆਂ ’ਚ ਦਰਜ ਦੋ ਲੱਖ ਕਰੋੜ ਰੁਪਏ ਦੇ ਅੰਕੜੇ ਤੋਂ ਹੇਠਾਂ ਰਹੀ। ਪਿਛਲੇ ਵਰ੍ਹੇ ਇਸੇ ਮਹੀਨੇ ਇਹ ਕੁਲੈਕਸ਼ਨ 1,73,813 ਕਰੋੜ ਰੁਪਏ ਸੀ। ਅੱਜ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਜੀਐੱਸਟੀ ਕੁਲੈਕਸ਼ਨ ਮਈ ਮਹੀਨੇ 2.01 ਲੱਖ ਕਰੋੜ ਸੀ ਜਦਕਿ ਅਪਰੈਲ ਮਹੀਨੇ ਇਸ ਨੇ 2.37 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ਨੂੰ ਛੂਹਿਆ ਸੀ।
ਅੰਕੜਿਆਂ ਮੁਤਾਬਕ ਘਰੇਲੂ ਲੈਣ-ਦੇਣ ਤੋਂ ਕੁੱਲ ਮਾਲੀਆ ਜੂਨ ਵਿੱਚ 4.6 ਫ਼ੀਸਦ ਵਧ ਕੇ 1.38 ਲੱਖ ਕਰੋੜ ਰੁਪਏ ਹੋ ਗਿਆ ਜਦਕਿ ਦਰਾਮਦ ਤੋਂ ਜੀਐੱਸਟੀ ਮਾਲੀਆ 11.4 ਫ਼ੀਸਦ ਵਧ ਕੇ 45,690 ਕਰੋੜ ਰੁਪਏ ਰਿਹਾ।
ਅੰਕੜਿਆਂ ਅਨੁਸਾਰ ਕੁੱਲ ਕੇਂਦਰੀ ਜੀਐੈੱਸਟੀ ਮਾਲੀਆ ਜੂਨ ਵਿੱਚ 34,558 ਕਰੋੜ ਰੁਪਏ, ਸੂਬਾ ਜੀਐੱਸਟੀ ਮਾਲੀਆ 43,268 ਕਰੋੜ ਰੁਪਏ ਅਤੇ ਇੰਟੀਗ੍ਰੇਟਿਡ ਜੀਐੱਸਟੀ ਮਾਲੀਆ ਲਗਪਗ 93,280 ਲੱਖ ਕਰੋੜ ਰੁਪਏ ਰਿਹਾ। ਸੈੱਸ ਤੋਂ ਇਕੱਤਰ ਮਾਲੀਆ 13,491 ਕਰੋੜ ਰੁਪਏ ਸੀ। ਇਸ ਦੌਰਾਨ ਜੂਨ ’ਚ ਕੁੱਲ ਰਿਫੰਡ 28.4 ਫ਼ੀਸਦ ਵਧ ਕੇ 25,491 ਕਰੋੜ ਰੁਪਏ ਹੋ ਗਿਆ। ਸ਼ੁੱਧ ਜੀਐੱਸਟੀ ਕੁਲੈਕਸ਼ਨ ਸਾਲਾਨਾ ਆਧਾਰ ’ਤੇ 3.3 ਫ਼ੀਸਦ ਵਧ ਕੇ 1.59 ਲੱਖ ਕਰੋੜ ਰੁਪਏ ਰਹੀ।
ਬੀਡੀਓ ਇੰਡੀਆ ਦੇ ਅਧਿਕਾਰੀ ਕਾਰਤਿਕ ਮਣੀ ਨੇ ਆਖਿਆ ਕਿ ਮਹੀਨਾਵਾਰ ਅੰੰਕੜਿਆਂ ਮੁਤਾਬਕ ਜੂਨ ’ਚ ਕੁੱਲ ਜੀਐੱਸਟੀ ਕੁਲੈਕਸ਼ਨ 8.48 ਫ਼ੀਸਦ ਘਟੀ ਹੈ। ਇਸ ਦੌਰਾਨ ਘਰੇਲੂ ਬਾਜ਼ਾਰ ਤੇ ਦਰਾਮਦ ਤੋਂ ਮਾਲੀਏ ’ਚ ਗਿਰਾਵਟ ਆਈ ਹੈ। -ਪੀਟੀਆਈ
ਜੀਐੱਸਟੀ ’ਚ ਸੁਧਾਰ ਨੇ ਭਾਰਤ ਦੇ ਆਰਥਿਕ ਸਥਿਤੀ ਨੂੰ ਨਵਾਂ ਆਕਾਰ ਦਿੱਤਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੀਐੱਸਟੀ ਪ੍ਰਣਾਲੀ ਇੱਕ ਇਤਿਹਾਸਕ ਸੁਧਾਰ ਹੈ, ਜਿਸ ਨੇ ਭਾਰਤ ਦੇ ਆਰਥਿਕ ਭੂ-ਦ੍ਰਿਸ਼ ਨੂੰ ਨਵਾਂ ਆਕਾਰ ਦਿੱਤਾ ਹੈ। ਉਨ੍ਹਾਂ ਨੇ ਜੀਐੱਸਟੀ ਲਾਗੂੁ ਹੋਣ ਦੇ ਅੱਠ ਵਰ੍ਹੇ ਪੂਰੇ ਹੋਣ ਮੌਕੇ ‘ਐਕਸ’ ਉੱਤੇ ਲਿਖਿਆ, ‘‘ਨੇਮਾਂ ਦੀ ਪਾਲਣਾ ਸਬੰਧੀ ਬੋਝ ਘਟਾ ਕੇ ਇਸ ਨੇ ਖਾਸਕਰ ਛੋਟੇ ਤੇ ਦਰਮਿਆਨੇ ਉੱਦਮੀਆਂ ਲਈ ਕਾਰੋਬਾਰ ਸੁਖਾਲਾ ਕੀਤਾ ਹੈ। ਜੀਐੱਸਟੀ ਨੇ ਆਰਥਿਕ ਵਾਧੇ ਲਈ ਇੱਕ ਸ਼ਕਤੀਸ਼ਾਲੀ ਇੰਜਣ ਵਜੋਂ ਕਰਨ ਤੋਂ ਨਾਲ-ਨਾਲ ਭਾਰਤ ਦੇ ਬਾਜ਼ਾਰ ਦਾ ਏਕੀਕਰਨ ਕਰਨ ਦੇ ਇਸ ਸਫ਼ਰ ’ਚ ਸੂਬਿਆਂ ਨੂੰ ਬਰਾਬਰ ਭਾਈਵਾਲ ਬਣਾ ਕੇ ਸਹੀ ਮਾਅਨਿਆਂ ’ਚ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕੀਤਾ ਹੈ।’’ ਸਰਕਾਰ ਨੇ ਕਿਹਾ ਕਿ 17 ਟੈਕਸਾਂ ਤੇ 13 ਉਪ-ਟੈਕਸਾਂ (ਸੈੱਸ) ਨੂੰ ਸ਼ਾਮਲ ਕਰਕੇ ਪਹਿਲੀ ਜੁਲਾਈ 2017 ਤੋਂ ਲਾਗੂੁ ਜੀਐੱਸਟੀ ਨੇ ਇਸ ਦੀ ਪਾਲਣਾ ਨੂੰ ਸਰਲ ਤੇ ਟੈਕਸ ਪ੍ਰਣਾਲੀਆਂ ਨੂੰ ਡਿਜੀਟਲ ਬਣਾ ਕੇ ਅੜਿੱਕਾ ਰਹਿਤ ਕੌਮੀ ਬਾਜ਼ਾਰ ਬਣਾਉਣ ’ਚ ਮਦਦ ਕੀਤੀ ਹੈ। -ਪੀਟੀਆਈ
ਜੀਐੱਸਟੀ ਆਰਥਿਕ ਅਨਿਆਂ ਤੇ ਕਾਰਪੋਰੇਟ ਭਾਈਚਾਰੇ ਦਾ ਹਥਿਆਰ ਬਣਿਆ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀਐੱਸਟੀ ਲਾਗੂ ਹੋਣ ਦੇ ਅੱਠ ਸਾਲ ਪੂਰੇ ’ਤੇ ਅੱਜ ਦੋਸ਼ ਲਾਇਆ ਕਿ ਇਹ ਆਰਥਿਕ ਬੇਇਨਸਾਫ਼ੀ ਦਾ ਇੱਕ ਹਥਿਆਰ ਬਣ ਗਿਆ ਹੈ ਤੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਝ ਅਰਬਪਤੀ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਮੌਜੂਦਾ ਜੀਐੱਸਟੀ ਪ੍ਰਣਾਲੀ ’ਚ ਸੋਧ ਦੀ ਵਕਾਲਤ ਕੀਤੀ ਤੇ ਕਿਹਾ ਕਿ ਭਾਰਤ ਇੱਕ ਅਜਿਹੀ ਪ੍ਰਣਾਲੀ ਦਾ ਹੱਕਦਾਰ ਹੈ ਜੋ ਸਿਰਫ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਲਈ ਨਹੀਂ ਬਲਕਿ ਸਾਰਿਆਂ ਲਈ ਬਰਾਬਰ ਕੰਮ ਕਰੇ। ਰਾਹੁਲ ਨੇ ਐਕਸ ’ਤੇ ਪੋਸਟ ਕੀਤਾ, ‘‘ਅੱਠ ਵਰ੍ਹਿਆਂ ਬਾਅਦ ਮੋਦੀ ਸਰਕਾਰ ਦਾ ਜੀਐੱਸਟੀ ’ਚ ਕੋਈ ਟੈਕਸ ਸੁਧਾਰ ਨਹੀਂ ਹੈ। ਇਹ ਆਰਥਿਕ ਬੇਇਨਸਾਫ਼ੀ ਤੇ ਕਾਰਪੋਰੇਟ ਭਾਈਚਾਰੇ ਦਾ ਇੱਕ ਜ਼ਾਲਮ ਹਥਿਆਰ ਹੈ। ਇਹ ਗਰੀਬਾਂ ਨੂੰ ਸਜ਼ਾ ਦੇਣ, ਐੱਮਐੱਸਐੱਮਈ ਨੂੰ ਕੁਚਲਣ, ਸੂਬਿਆਂ ਨੂੰ ਕਮਜ਼ੋਰ ਕਰਨ ਤੇ ਪ੍ਰਧਾਨ ਮੰਤਰੀ ਦੇ ਕੁਝ ਅਰਬਪਤੀ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।’’ -ਪੀਟੀਆਈ