Govt on HMPV outbreak in China : ਭਾਰਤ ’ਚ ਸਰਦੀ ਜ਼ੁਕਾਮ ਦੇ ਕੇਸਾਂ ’ਤੇ ਨੇੜਿਓਂ ਨਜ਼ਰ ਰੱਖੀ, ਘਬਰਾਉਣ ਦੀ ਲੋੜ ਨਹੀਂ: ਸਰਕਾਰ
ਡੀਜੀਐੱਚਐੱਸ ਦੇ ਡਾਇਰੈਕਟਰ ਵੱਲੋਂ ਆਮ ਲੋਕਾਂ ਨੂੰ ਇਹਤਿਆਤ ਵਰਤਣ ਦੀ ਸਲਾਹ
ਨਵੀਂ ਦਿੱਲੀ, 3 ਜਨਵਰੀ
ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਨੇ ਕਿਹਾ ਕਿ ਉਹ ਦੇਸ਼ ਵਿਚ ਸਾਹ ਨਾਲ ਜੁੜੀਆਂ ਮੁਸ਼ਕਲਾਂ ਤੇ ਮੌਸਮੀ ਸਰਦੀ ਜ਼ੁਕਾਮ ਦੇ ਕੇਸਾਂ ਨੂੰ ਨੇੜਿਓਂ ਵਾਚ ਰਿਹਾ ਹੈ ਤੇ ਚੀਨ ਵਿਚ ਹਿਊਮਨ ਮੈਟਾਨਿਊਮੋਵਾਇਰਸ (ਐੱਚਐੱਮਪੀਵੀ) ਫੈਲਣ ਦੀਆਂ ਹਾਲੀਆ ਰਿਪੋਰਟਾਂ ਨੂੰ ਲੈ ਕੇ ਕੌਮਾਂਤਰੀ ਏਜੰਸੀਆਂ ਦੇ ਸੰਪਰਕ ਵਿਚ ਹੈ। ਇਹ ਦਾਅਵਾ ਅਧਿਕਾਰਤ ਸੂਤਰਾਂ ਨੇ ਕੀਤਾ ਹੈ। ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਸੀਂ ਹਾਲਾਤ ਉੱਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਤੇ ਜਾਣਕਾਰੀ ਦੀ ਉਸ ਮੁਤਾਬਕ ਤਸਦੀਕ ਕੀਤੀ ਜਾ ਰਹੀ ਹੈ।’’
ਸਿਹਤ ਸੇਵਾਵਾਂ ਬਾਰੇ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਡਾ.ਅਤੁਲ ਗੋਇਲ ਨੇ ਕਿਹਾ ਕਿ ਹਿਊਮਨ ਮੈਟਾਨਿਊਮੋਵਾਇਰਸ ਸਾਹ ਨਾਲ ਜੁੜੇੇ ਕਿਸੇ ਵੀ ਹੋਰ ਵਾਇਰਸ ਵਾਂਗ ਹੈ, ਜਿਸ ਨਾਲ ਸਰਦੀ ਜ਼ੁਕਾਮ ਹੁੰਦਾ ਹੈ ਤੇ ਇਸ ਨਾਲ ਨੌਜਵਾਨਾਂ ਤੇ ਬਹੁਤੇ ਬਜ਼ੁਰਗਾਂ ਵਿਚ ਫਲੂ ਵਰਗੇ ਲੱਛਣ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ, ‘‘ਅਜਿਹੀਆਂ ਖ਼ਬਰਾਂ ਹਨ ਕਿ ਚੀਨ ਵਿਚ ਹਿਊਮਨ ਮੈਟਾਨਿਊਮੋਵਾਇਰਸ ਫੈਲਿਆ ਹੈ। ਹਾਲਾਂਕਿ ਅਸੀਂ ਭਾਰਤ ਵਿਚ ਸਾਹ ਨਾਲ ਜੁੜੇ ਰੋਗਾਂ ਬਾਰੇ ਡੇਟਾ ਦੀ ਸਮੀਖਿਆ ਕੀਤੀ ਹੈ ਤੇ ਦਸੰਬਰ 2024 ਵਿਚ ਡੇਟਾ ’ਚ ਕੋਈ ਠੋਸ ਵਾਧਾ ਨਹੀਂ ਹੋਇਆ ਅਤੇ ਨਾ ਹੀ ਸਾਡੀ ਕਿਸੇ ਸੰਸਥਾ ਵਿਚੋਂ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆਏ ਹਨ। ਮੌਜੂਦਾ ਹਾਲਾਤ ਬਾਰੇ ਘਬਰਾਉਣ ਦੀ ਲੋੜ ਨਹੀਂ।’’ ਡਾ. ਗੋਇਲ ਨੇ ਕਿਹਾ, ‘‘ਸਰਦੀਆਂ ਵਿਚ ਸਾਹ ਨਾਲ ਜੁੜੀ ਲਾਗ ਦੇ ਕੇਸ ਵਧਦੇ ਹਨ, ਪਰ ਸਾਡੇ ਹਸਪਤਾਲਾਂ ਵਿਚ ਇਸ ਦੇ ਟਾਕਰੇ ਲਈ ਲੋੜੀਂਦੀ ਸਪਲਾਈ ਤੇ ਬੈੱਡ ਮੌਜੂਦ ਹਨ।’’ ਉਨ੍ਹਾਂ ਆਮ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਰਦੀ ਤੇ ਜ਼ੁਕਾਮ ਨਾਲ ਗ੍ਰਸਤ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ ਤੋਂ ਬਚਣ ਤੇ ਲੋੜੀਂਦੀ ਇਹਤਿਆਤ ਵਰਤਣ। ਉਨ੍ਹਾਂ ਕਿਹਾ ਕਿ ਲੋਕ ਸਰਦੀ ਜ਼ੁਕਾਮ ਤੇ ਬੁਖਾਰ ਲਈ ਆਮ ਦਵਾਈਆਂ ਲੈਣ। -ਪੀਟੀਆਈ