Govt bound by promise made in Parliament: Farooq Abdullah ਸੰਸਦ ਵਿੱਚ ਕੀਤਾ ਵਾਅਦੇ ਪੂਰਾ ਕਰੇ ਸਰਕਾਰ: ਅਬਦੁੱਲਾ
ਜੰਮੂ, 8 ਮਾਰਚ
ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਫਾਰੂਕ ਅਬਦੁੱਲਾ ਨੇ ਅੱਜ ਮੁੜ ਦੁਹਰਾਇਆ ਕਿ ਜੰਮੂ-ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਵਿੱਚ ਵਾਅਦਾ ਕੀਤਾ ਸੀ ਤੇ ਇਸ ਤਹਿਤ ਇਸ ਨੂੰ ਬਹਾਲ ਕਰਨਾ ਚਾਹੀਦਾ ਹੈ। ਕੇਂਦਰ ਨੇ ਜੰਮੂ-ਕਸ਼ਮੀਰ ਵਿਚ ਅਗਸਤ 2019 ਵਿੱਚ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੁੜ ਵੰਡ ਦਿੱਤਾ ਸੀ। ਕੌਮਾਂਤਰੀ ਮਹਿਲਾ ਦਿਵਸ ’ਤੇ ਇੱਕ ਸਮਾਗਮ ਵਿੱਚ ਸਾਬਕਾ ਕੇਂਦਰੀ ਮੰਤਰੀ ਨੇ ਔਰਤਾਂ ਨੂੰ ਆਪਣੇ ਅਧਿਕਾਰਾਂ ਲਈ ਲੜਨ ਅਤੇ ਸਮਾਜ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਨੇ ਕਰਨਾਟਕ ਦੇ ਹੰਪੀ ਵਿੱਚ 27 ਸਾਲਾ ਇਜ਼ਰਾਈਲੀ ਸੈਲਾਨੀ ਨਾਲ ਹੋਏ ਕਥਿਤ ਜਬਰ ਜਨਾਹ ਦਾ ਹਵਾਲਾ ਦਿੰਦੇ ਹੋਏ ਔਰਤਾਂ ਵਿਰੁੱਧ ਵਧ ਰਹੇ ਅਪਰਾਧਾਂ ’ਤੇ ਵੀ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ, ‘ਸਾਡੇ ਕੋਲ ਕਾਨੂੰਨ ਹਨ, ਫਿਰ ਵੀ ਅਪਰਾਧ ਜਾਰੀ ਹਨ। ਉਹ ਇੱਕ ਔਰਤ ਹੈ ਭਾਵੇਂ ਇਜ਼ਰਾਈਲ ਤੋਂ ਹੋਵੇ ਜਾਂ ਕਿਤੋਂ ਹੋਰ। ਅਜਿਹਾ ਨਹੀਂ ਹੋਣਾ ਚਾਹੀਦਾ ਸੀ।’ ਇਸ ਮੌਕੇ ਅਬਦੁੱਲਾ ਨੇ ਮੀਡੀਆ ’ਤੇ ਵੀ ਨਿਸ਼ਾਨਾ ਸੇਧਦਿਆਂ ਪੱਖਪਾਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘ਤੁਹਾਨੂੰ ਅਜਿਹੇ ਮੁੱਦੇ ਚੁੱਕਣੇ ਚਾਹੀਦੇ ਹਨ। ਤੁਹਾਡਾ ਮੀਡੀਆ ਕਦੇ ਵੀ ਸੱਚ ਨਹੀਂ ਦੱਸਦਾ। ਇਹ ਡਰਿਆ ਹੋਇਆ ਹੈ। ਜੇਕਰ ਕੋਈ ਸੱਚ ਨੂੰ ਦਬਾਉਣਾ ਚਾਹੁੰਦਾ ਹੈ, ਤਾਂ ਉਹ ਤੁਹਾਡੇ ਰਾਹੀਂ ਅਜਿਹਾ ਕਰਦਾ ਹੈ।’ ਅਬਦੁੱਲਾ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਔਰਤਾਂ ਨੂੰ ਜ਼ਿੰਮੇਵਾਰੀ ਸੰਭਾਲਣ ਦੀ ਵੀ ਅਪੀਲ ਕੀਤੀ।