ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ’ਤੇ ਕੇਂਦਰਤ ਹੈ।ਸ੍ਰੀ ਮੋਦੀ ਨੇ ਅਹਿਮਦਾਬਾਦ ’ਚ ਇਕ ਸਮਾਗਮ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਸਵਦੇਸ਼ੀ ਉਤਪਾਦ ਅਪਣਾ ਕੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਦੀਆ ਕੋਸ਼ਿਸ਼ਾਂ ’ਚ ਯੋਗਦਾਨ ਪਾਉਣ ਦੀ ਅਪੀਲ ਕੀਤੀ।ਉਨ੍ਹਾਂ ਆਖਿਆ , ‘‘ਅਸੀਂ ਸਕਿੱਲ ਇੰਡੀਆ ਮਿਸ਼ਨ ਲਾਂਚ ਕੀਤਾ ਹੈ, ਜਿਸ ਤਹਿਤ ਕਰੋੜਾਂ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ’ਚ ਹੁਨਰਮੰਦ ਜਨਸ਼ਕਤੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਅੱਜ ਦੁਨੀਆ ਦਾ ਇਕ ਵੱਡਾ ਹਿੱਸਾ ਉਮਰ ਵਧਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਨੂੰ ਨੌਜਵਾਨਾਂ ਦੀ ਲੋੜ ਹੈ ਅਤੇ ਭਾਰਤ ਵਿੱਚ ਦੁਨੀਆ ਨੂੰ ਨੌਜਵਾਨ ਮੁਹੱਈਆ ਕਰਵਾਉਣ ਦੀ ਸਮਰੱਥਾ ਹੈ।’’ਅਹਿਮਦਾਬਾਦ ਦੇ ਸਰਦਾਰਧਾਮ ਫੇਜ਼-11 ਵਿੱਚ ਉਦਘਾਟਨੀ ਸਮਾਗਮ ਮਗਰੋਂ ਸ੍ਰੀ ਮੋਦੀ ਨੇ ਕਿਹਾ, ‘‘ਜੇਕਰ ਅੱਜ ਨੌਜਵਾਨ ਹੁਨਰਮੰਦ ਹਨ ਤਾਂ ਉਨ੍ਹਾਂ ਕੋਲ ਰੁਜ਼ਗਾਰ ਦੇ ਅਨੇਕਾਂ ਮੌਕੇ ਹਨ। ਉਹ ਸਵੈ‘ਨਿਰਭਰ ਬਣਦੇ ਹਨ, ਇਸ ਉਨ੍ਹਾਂ ਨੂੰ ਤਾਕਤ ਮਿਲਦੀ ਹੈ।’’ਉਨ੍ਹਾਂ ਨੇ ਬੇਟੀਆਂ ਦੇ ਅੱਗੇ ਵਧਣ ’ਚ ਸਮਾਜ ਦੇ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਪ੍ਰਣਾਲੀ ’ਚ ਕਈ ਤਬਦੀਲੀਆਂ ਕੀਤੀਆਂ ਹਨ, ਜਿਸ ’ਚ ਹੁਨਰ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਸਟਾਰਟ ਅਪ ਇੰਡੀਆ ਅਤੇ ਮੁਦਰਾ ਯੋਜਨਾ ਰਾਹੀਂ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਸਿਰਜਣ ’ਤੇ ਹੈ।