DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ ਸਭਾ ’ਚ ਅੱਜ ਅਹਿਮ ਖੇਡ ਬਿੱਲ ਲਿਆਵੇਗੀ ਸਰਕਾਰ

ਬਿੱਲ ਪਾਸ ਕਰਾਉਣ ’ਤੇ ਦੇਵੇਗੀ ਜ਼ੋਰ; ਸਰਕਾਰ ਨੂੰ ਐੱਸਆਈਆਰ ’ਤੇ ਘੇਰੇਗੀ ਵਿਰੋਧੀ ਧਿਰ; ਅੈੱਸਆਈਆਰ ’ਤੇ ਚਰਚਾ ਦੀ ਮੰਗ ਸਵੀਕਾਰ ਨਹੀਂ ਕਰ ਰਹੀ ਹਾਕਮ ਧਿਰ; ਮਨੀਪੁਰ ’ਚ ਰਾਸ਼ਟਰਪਤੀ ਸ਼ਾਸਨ ਵਧਾਉਣ ਬਾਰੇ ਮਤਾ ਰਾਜ ਸਭਾ ’ਚ ਕੀਤਾ ਜਾਵੇਗਾ ਪੇਸ਼
  • fb
  • twitter
  • whatsapp
  • whatsapp
Advertisement
ਸੰਸਦ ’ਚ ਜਾਰੀ ਜਮੂਦ ਵਿਚਾਲੇ ਸਰਕਾਰ ਭਲਕੇ 4 ਅਗਸਤ ਨੂੰ ਲੋਕ ਸਭਾ ’ਚ ਇੱਕ ਅਹਿਮ ਖੇਡ ਬਿੱਲ ਪਾਸ ਕਰਾਉਣ ’ਤੇ ਜ਼ੋਰ ਦੇ ਸਕਦੀ ਹੈ ਕਿਉਂਕਿ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ ’ਤੇ ਚਰਚਾ ਸਬੰਧੀ ਵਿਰੋਧੀ ਧਿਰ ਦੀ ਇਕਜੁੱਟ ਮੰਗ ਨੂੰ ਹਾਕਮ ਗੱਠਜੋੜ ਤੋਂ ਸਕਾਰਾਤਮਕ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਹੇਠਲੇ ਸਦਨ ਨੇ ਕੌਮੀ ਖੇਡ ਪ੍ਰਸ਼ਾਸਨ ਬਿੱਲ ਨੂੰ ਵਿਚਾਰ-ਚਰਚਾ ਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਹੈ ਜਿਸ ’ਚ ਖੇਡ ਸੰਸਥਾਵਾਂ ਦੇ ਕੰਮਕਾਰ ’ਚ ਵੱਧ ਪਾਰਦਰਸ਼ਤਾ ਦੀ ਵਿਵਸਥਾ ਕੀਤੀ ਗਈ ਹੈ। ਰਾਜ ਸਭਾ ਨੇ ਮਨੀਪੁਰ ’ਚ ਰਾਸ਼ਟਰਪਤੀ ਸ਼ਾਸਨ ਨੂੰ 13 ਅਗਸਤ ਤੋਂ ਛੇ ਮਹੀਨੇ ਲਈ ਵਧਾਉਣ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਤੇ ਨੂੰ ਭਲਕੇ ਪਾਸ ਕਰਨ ਲਈ ਸੂਚੀਬੱਧ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਗਾਮ ਅਤਿਵਾਦੀ ਹਮਲੇ ਤੇ ‘ਅਪਰੇਸ਼ਨ ਸਿੰਧੂਰ’ ’ਤੇ ਦੋਵਾਂ ਸਦਨਾਂ ’ਚ ਹੋਈ ਦੋ ਰੋਜ਼ਾ ਚਰਚਾ ਨੂੰ ਛੱਡ ਕੇ, 21 ਜੁਲਾਈ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਣ ਮਗਰੋਂ ਸੰਸਦੀ ਕਾਰਵਾਈ ਤਕਰੀਬਨ ਹਰ ਦਿਨ ਠੱਪ ਰਹੀ ਹੈ ਕਿਉਂਕਿ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ ਦਾ ਮੁੱਦਾ ਵਿਰੋਧੀ ਧਿਰ ਲਗਾਤਾਰ ਉਠਾ ਰਹੀ ਹੈ।

ਵਿਰੋਧੀ ਗੱਠਜੋੜ ਇਸ ਮੁੱਦੇ ’ਤੇ ਇਕਜੁੱਟ ਹੋ ਗਿਆ ਹੈ ਅਤੇ ਦੋਸ਼ ਲਗਾ ਰਿਹਾ ਹੈ ਕਿ ਚੋਣ ਕਮਿਸ਼ਨ ਦੀ ਕਵਾਇਦ ਦਾ ਮਕਸਦ ਉਸ (ਇੰਡੀਆ ਗੱਠਜੋੜ) ਦੇ ਏਜੰਡੇ ਪ੍ਰਤੀ ਹਮਦਰਦੀ ਰਖਦੇ ਵੋਟਰਾਂ ਨੂੰ ਹਟਾਉਣਾ ਤੇ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਐੱਨਡੀਏ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਹ ਕੌਮੀ ਪੱਧਰ ’ਤੇ ਇਹ ਪ੍ਰਕਿਰਿਆ ਲਾਗੂ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ਼ ਯੋਗ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ‘ਵੋਟ ਚੋਰੀ’ ਦਾ ਦੋਸ਼ ਲਾਉਂਦਿਆਂ ਕਮਿਸ਼ਨ ਦੀ ਤਿੱਖੀ ਆਲੋਚਨਾ ਕੀਤੀ ਹੈ। ਦੂਜੇ ਪਾਸੇ ਚੋਣ ਕਮਿਸ਼ਨ ਨੇ ਬੀਤੇ ਦਿਨ ਜਾਰੀ ਇੱਕ ਬਿਆਨ ’ਚ ਗਾਂਧੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਸੀ।

Advertisement

ਸੰਸਦ ’ਚ ਐੱਸਆਈਆਰ ’ਤੇ ਚਰਚਾ ਦੀ ਮੰਗ ਦੇ ਸਬੰਧ ਵਿੱਚ ਸਰਕਾਰ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਵਿਰੋਧੀ ਧਿਰ ਸੰਸਦ ’ਚ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ ਜਿਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪੈ ਰਹੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੀ ਮੰਗ ’ਤੇ ਨਿਯਮਾਂ ਅਨੁਸਾਰ ਫ਼ੈਸਲਾ ਲੈਣਾ ਦੋਵਾਂ ਸਦਨਾਂ ਦੇ ਸਪੀਕਰਾਂ ਦਾ ਕੰਮ ਹੈ। ਉਨ੍ਹਾਂ ਹਾਲਾਂਕਿ ਬਲਰਾਮ ਜਾਖੜ, ਜੋ 1980 ਤੋਂ 1989 ਤੱਕ ਲੋਕ ਸਭਾ ਸਪੀਕਰ ਸਨ, ਦੇ ਇੱਕ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਦਨ ਚੋਣ ਕਮਿਸ਼ਨ ਜਿਹੀ ਸੰਵਿਧਾਨਕ ਸੰਸਥਾ ਦੇ ਕੰਮਕਾਰ ’ਤੇ ਬਹਿਸ ਨਹੀਂ ਕਰ ਸਕਦਾ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਸਰਕਾਰ ਵਿਰੋਧੀ ਧਿਰ ਦੀ ਮੰਗ ਸਵੀਕਾਰ ਨਹੀਂ ਕਰ ਰਹੀ। ਇਸ ਸਬੰਧ ’ਚ ਇੱਕ ਪ੍ਰਮੁੱਖ ਸਰਕਾਰੀ ਅਹੁਦੇਦਾਰ ਨੇ ਕਿਹਾ ਕਿ ਜੇ ਸੰਸਦ ’ਚ ਜਮੂਦ ਕਾਰਨ ਸਰਕਾਰ ਦਾ ਏਜੰਡਾ ਪ੍ਰਭਾਵਿਤ ਹੁੰਦਾ ਰਿਹਾ ਤਾਂ ਉਹ ਰੌਲੇ-ਰੱਪੇ ਦੇ ਬਾਵਜੂਦ ਆਪਣੇ ਅਹਿਮ ਬਿੱਲ ਪਾਸ ਕਰਾਉਣ ਦੀ ਕੋਸ਼ਿਸ਼ ਕਰੇਗੀ। -ਪੀਟੀਆਈ

ਸੰਸਦ ’ਚ ਐੱਸਆਈਆਰ ’ਤੇ ਚਰਚਾ ਤੋਂ ਡਰੀ ਭਾਜਪਾ: ਡੈਰੇਕ ਓ’ਬ੍ਰਾਇਨ

ਨਵੀਂ ਦਿੱਲੀ: ਟੀਐੱਮਸੀ ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਅੱਜ ਕਿਹਾ ਕਿ ਹਾਕਮ ਧਿਰ ਭਾਜਪਾ ਬਿਹਾਰ ’ਚ ਜਾਰੀ ਐੱਸਆਈਆਰ ’ਤੇ ਚਰਚਾ ਕਰਾਉਣ ਤੋਂ ‘ਡਰੀ ਹੋਈ’ ਹੈ। ਉਨ੍ਹਾਂ ਇਸ ਕਵਾਇਦ ਨੂੰ ‘ਚੁੱਪਚਾਪ ਅਦਿੱਖ ਧਾਂਦਲੀ’ ਕਰਾਰ ਦਿੱਤਾ। ਉਨ੍ਹਾਂ ਐਕਸ ’ਤੇ ਕਿਹਾ ਕਿ ਵਿਰੋਧੀ ਧਿਰ ‘ਡਗਮਗਾਉਂਦੇ ਮੋਦੀ ਗੱਠਜੋੜ’ ਨੂੰ ਸੰਸਦੀ ਪ੍ਰਕਿਰਿਆ ਤੇ ਇਸ ਮੁੱਦੇ ’ਤੇ ਚਰਚਾ ਕਰਨ ਦੇ ਢੰਗ ਦਾ ‘ਪਾਠ’ ਪੜ੍ਹਾਏਗੀ। ਉਨ੍ਹਾਂ ਕਿਹਾ, ‘ਐੱਸਆਈਆਰ ਵੋਟ ਚੋਰੀ ਦਾ ਇੱਕ ਅਜਿਹਾ ਵਿਸ਼ਾ ਹੈ ਜਿਸ ’ਤੇ ਦੋਵਾਂ ਸਦਨਾਂ ’ਚ ਆਸਾਨੀ ਨਾਲ ਚਰਚਾ ਹੋ ਸਕਦੀ ਹੈ। ਭਾਜਪਾ ਡਰੀ ਹੋਈ ਹੈ ਅਤੇ ਅੜਿੱਕੇ ਪਾ ਰਹੀ ਹੈ।’ -ਪੀਟੀਆਈ

Advertisement
×