ਸਰਕਾਰ 11ਵੀਂ ਅਤੇ 12ਵੀਂ ਜਮਾਤ ਦੇ ਪਾਠਕ੍ਰਮ ਵਿੱਚ ਹੁਨਰ ਅਧਾਰਤ ਸਿੱਖਿਆ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ : ਪ੍ਰਧਾਨ
ਸਰਕਾਰ 2020 ਦੀ ਕੌਮੀਂ ਸਿੱਖਿਆ ਨੀਤੀ ਦੀਆਂ ਸਿਫਾਰਸ਼ਾਂ ਅਨੁਸਾਰ 11ਵੀਂ ਅਤੇ 12ਵੀਂ ਜਮਾਤ ਦੇ ਸਿਲੇਬਸ ਵਿੱਚ ਹੁਨਰ-ਆਧਾਰਿਤ ਸਿੱਖਣ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮਦਰਾਸ ਦੇ ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ) ਵਿਖੇ ਇੱਕ ਸਮਾਗਮ ਵਿੱਚ ਕਿਹਾ ਕਿ ਸਿੱਖਣ ਦੇ ਤਰੀਕਿਆਂ ਵਿੱਚ ਵੱਡਾ ਬਦਲਾਅ ਲਿਆਉਣ ਦੀ ਲੋੜ ਹੈ ਅਤੇ ਕੌਮੀਂ ਸਿੱਖਿਆ ਨੀਤੀ ਇਸ ਦੀ ਸਿਫਾਰਸ਼ ਕਰਦੀ ਹੈ।
ਪ੍ਰਧਾਨ ਨੇ ਕਿਹਾ, “ ਅਸੀਂ 11ਵੀਂ ਅਤੇ 12ਵੀਂ ਜਮਾਤ ਦੇ ਸਿਲੇਬਸ ਵਿੱਚ ਹੁਨਰ-ਆਧਾਰਿਤ ਸਿੱਖਿਆ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਾਂ।”
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸਿੱਖਿਆ ਸਿਰਫ਼ ਸਰਟੀਫਿਕੇਟ ਅਤੇ ਡਿਗਰੀ-ਕੇਂਦਰਿਤ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕਿਹਾ ਸੀ ਕਿ ਸਾਨੂੰ ਡਿਗਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਰੱਥ ਵੀ ਬਣਾਉਣਾ ਹੈ।”
ਉਨ੍ਹਾਂ ਕਿਹਾ ਕਿ ਕੌਮੀਂ ਸਿੱਖਿਆ ਨੀਤੀ 2020 ਦੀ ਮੁੱਖ ਸਿਫਾਰਸ਼ ਹੁਨਰ-ਆਧਾਰਿਤ ਸਿੱਖਿਆ ਹੈ। ਉਨ੍ਹਾਂ ਦਾ ਮੰਤਰਾਲਾ 6ਵੀਂ ਜਮਾਤ ਤੋਂ ਹੀ ਹੁਨਰ-ਆਧਾਰਿਤ ਸਿੱਖਿਆ ਸ਼ੁਰੂ ਕਰਨ ’ਤੇ ਕੰਮ ਕਰ ਰਿਹਾ ਹੈ। ਪਹਿਲਾਂ ਹੁਨਰ-ਆਧਾਰਿਤ ਸਿੱਖਿਆ ਵਿਕਲਪਿਕ ਸੀ ਪਰ ਹੁਣ ਇਹ ਸਿੱਖਿਆ ਦਾ ਰਸਮੀ ਵਿਸ਼ਾ ਹੋਵੇਗੀ।”