ਲੰਡਨ ਦੀ ਪ੍ਰੋਫੈਸਰ ਫਰਾਂਸੈਸਕਾ ਓਰਸਿਨੀ ਨੂੰ ਵੀਜ਼ਾ ਸ਼ਰਤਾਂ ਦੀ ਕਥਿਤ ਉਲੰਘਣਾ ਕਾਰਨ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜੇ ਜਾਣ ਤੋਂ ਕੁਝ ਦਿਨਾਂ ਬਾਅਦ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵਧੇਰੇ ਸਹਿਣਸ਼ੀਲ, ਖੁੱਲ੍ਹੀ ਸੋਚ ਤੇ ਵੱਡੇ ਦਿਲ ਵਾਲਾ ਬਣਨ ਦੀ ਲੋੜ ਹੈ।
ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਮਾਮੂਲੀ ਵੀਜ਼ਾ ਉਲੰਘਣਾ ਕਾਰਨ ਵਿਦੇਸ਼ੀ ਵਿਦਵਾਨਾਂ ਤੇ ਸਿੱਖਿਆ ਮਾਹਿਰਾਂ ਨੂੰ ਵਾਪਸ ਭੇਜਣ ਲਈ ਹਵਾਈ ਅੱਡੇ ਦੇ ਇਮੀਗਰੇਸ਼ਨ ਕਾਊਂਟਰ ’ਤੇ ‘ਬੇਇੱਜ਼ਤੀ ਭਰਿਆ ਰਵੱਈਆ’ ਦਿਖਾਉਣਾ ਦੇਸ਼ ਨੂੰ ਵਿਦੇਸ਼ੀ ਅਕਾਦਮਿਕ ਪਤ੍ਰਿਕਾਵਾਂ ’ਚ ਪ੍ਰਕਾਸ਼ਤ ਕਿਸੇ ਵੀ ਨਕਾਰਾਤਮਕ ਲੇਖ ਨਾਲੋਂ ਕਿਤੇ ਵੱਧ ਨੁਕਸਾਨ ਪਹੁੰਚਾ ਰਿਹਾ ਹੈ। ਸ੍ਰੀ ਥਰੂਰ ਨੇ ਇਹ ਟਿੱਪਣੀ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੀ ਪੋਸਟ ਦੇ ਜਵਾਬ ’ਚ ਕੀਤੀ ਜਿਸ ’ਚ ਉਨ੍ਹਾਂ ਅਖ਼ਬਾਰ ’ਚ ਪ੍ਰਕਾਸ਼ਤ ਆਪਣਾ ਲੇਖ ਸਾਂਝਾ ਕਰਦਿਆਂ ਤਰਕ ਦਿੱਤਾ ਸੀ ਕਿ ਵੀਜ਼ਾ ਸ਼ਰਤਾਂ ਦਾ ਪਾਲਣ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਕਿਸੇ ਪ੍ਰੋਫੈਸਰ ਦੀ ਵਿਦਵਤਾ ਦਾ ਮੁਲਾਂਕਣ ਕਰਨਾ ਉਸ ਦਾ ਕੰਮ ਨਹੀਂ ਹੈ। ਦਾਸਗੁਪਤਾ ਦੀ ਪੋਸਟ ਟੈਗ ਕਰਦਿਆਂ ਸ੍ਰੀ ਥਰੂਰ ਨੇ ਕਿਹਾ, ‘‘ਇੱਕ ਵਾਰ ਮੈਂ ਸਵਪਨ (55) ਨਾਲ ਸਹਿਮਤ ਹਾਂ। ਮਾਮੂਲੀ ਵੀਜ਼ਾ ਉਲੰਘਣਾ ਕਾਰਨ ਵਿਦੇਸ਼ੀ ਵਿਦਵਾਨਾਂ ਤੇ ਅਕਾਮੀਸ਼ੀਅਨ ਨੂੰ ਵਾਪਸ ਭੇਜਣ ਲਈ ਸਾਡੇ ਹਵਾਈ ਅੱਡਿਆਂ ਦੇ ਇਮੀਗਰੇਸ਼ਨ ਕਾਊਂਟਰਾਂ ’ਤੇ ‘ਬੇਇੱਜ਼ਤੀ ਭਰਿਆ ਰਵੱਈਆ’ ਅਪਣਾਉਣਾ ਦੇਸ਼, ਸੱਭਿਆਚਾਰ ਤੇ ਕੌਮਾਂਤਰੀ ਪੱਧਰ ’ਤੇ ਭਰੋਸੇਯੋਗ ਮੁਲਕ ਵਜੋਂ ਸਾਨੂੰ ਵਿਦੇਸ਼ੀ ਅਕਾਦਮਿਕ ਪਤ੍ਰਿਕਾਵਾਂ ’ਚ ਪ੍ਰਕਾਸ਼ਤ ਕਿਸੇ ਵੀ ਨਕਾਰਾਤਮਕ ਲੇਖ ਨਾਲੋਂ ਕਿਤੇ ਵੱਧ ਨੁਕਸਾਨ ਪਹੁੰਚਾ ਰਿਹਾ ਹੈ। ਭਾਰਤ ਸਰਕਾਰ ਨੂੰ ਵਧੇਰੇ ਸਹਿਣਸ਼ੀਲ, ਖੁੱਲ੍ਹੀ ਸੋਚ ਤੇ ਵੱਡੇ ਦਿਲ ਵਾਲਾ ਬਣਨ ਦੀ ਲੋੜ ਹੈ।’’

