ਸਰਕਾਰ ਚੋਣ ਸੁਧਾਰਾਂ ਬਾਰੇ ਚਰਚਾ ਲਈ ਰਾਜ਼ੀ
ਸੰਸਦ ਵਿੱਚ ਜਮੂਦ ਟੁੱਟਣ ਦੀ ਆਸ ਬੱਝੀ; ਵੰਦੇ ਮਾਤਰਮ ਬਾਰੇ ਚਰਚਾ ਸੋਮਵਾਰ ਨੂੰ
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅਗਲੇ ਮੰਗਲਵਾਰ ਲੋਕ ਸਭਾ ’ਚ ਚੋਣ ਸੁਧਾਰਾਂ ਬਾਰੇ ਚਰਚਾ ਹੋਵੇਗੀ। ਇਸ ਤੋਂ ਇਕ ਦਿਨ ਪਹਿਲਾ ਕੌਮੀ ਗੀਤ ‘ਵੰਦੇ ਮਾਤਰਮ’ ’ਤੇ ਚਰਚਾ ਕਰਵਾਈ ਜਾਵੇਗੀ। ਦੋਵੇਂ ਚਰਚਾਵਾਂ ਲਈ 10-10 ਘੰਟਿਆਂ ਦਾ ਸਮਾਂ ਤੈਅ ਕੀਤਾ ਗਿਆ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ (ਐੱਸ ਆਈ ਆਰ) ’ਤੇ ਸੰਸਦ ’ਚ ਚਰਚਾ ਕਰਾਉਣ ਦੀ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਮੰਗ ’ਤੇ ਹੁਣ ਸਰਕਾਰ ਨੂੰ ਜਮੂਦ ਟੁੱਟਣ ਦੀ ਆਸ ਬੱਝ ਗਈ ਹੈ।
ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਬਿਜ਼ਨਸ ਐਡਵਾਇਜ਼ਰੀ ਕਮੇਟੀ ਅਤੇ ਸਰਬ ਪਾਰਟੀ ਮੀਟਿੰਗਾਂ ਮਗਰੋਂ ਚਰਚਾ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਸ੍ਰੀ ਰਿਜਿਜੂ ਨੇ ‘ਐਕਸ’ ’ਤੇ ਕਿਹਾ, ‘‘ਸਪੀਕਰ ਦੀ ਅਗਵਾਈ ਹੇਠ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਲੋਕ ਸਭਾ ’ਚ 8 ਦਸੰਬਰ ਸੋਮਵਾਰ ਨੂੰ ਦੁਪਹਿਰ 12 ਵਜੇ ਅਤੇ ਚੋਣ ਸੁਧਾਰਾਂ ਬਾਰੇ ਮੰਗਲਵਾਰ 9 ਦਸੰਬਰ ਨੂੰ ਦੁਪਹਿਰ 12 ਵਜੇ ਚਰਚਾ ਕਰਵਾਈ ਜਾਵੇਗੀ।’’
ਇਸ ਤੋਂ ਪਹਿਲਾਂ ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ’ਚ ਅੱਜ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਵੀ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਸਰਕਾਰ ਨੇ ਕਿਹਾ ਕਿ ਉਹ ਐੱਸ ਆਈ ਆਰ ਮੁੱਦੇ ’ਤੇ ਚਰਚਾ ਕਰਾਉਣ ਲਈ ਤਿਆਰ ਹੈ ਪਰ ਕੋਈ ਸਮਾਂ ਤੈਅ ਨਹੀਂ ਕੀਤਾ। ਦੋ ਵਾਰ ਸਦਨ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਜਦੋਂ ਦੁਪਹਿਰ 2 ਵਜੇ ਲੋਕ ਸਭਾ ਮੁੜ ਜੁੜੀ ਤਾਂ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸ੍ਰੀ ਰਿਜਿਜੂ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਲੋਕਾਂ ਦਾ ਭਰੋਸਾ ਗੁਆਉਂਦੀ ਜਾ ਰਹੀ ਹੈ। ਇਸ ਮਗਰੋਂ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ।
ਉਧਰ, ਰਾਜ ਸਭਾ ’ਚ ਐੈੱਸ ਆਈ ਆਰ ’ਤੇ ਚਰਚਾ ਨਾ ਕਰਾਉਣ ’ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਦਨ ’ਚੋਂ ਵਾਕਆਊਟ ਕਰ ਦਿੱਤਾ। ਕਾਂਗਰਸ, ਟੀ ਐੱਮ ਸੀ, ਡੀ ਐੱਮ ਕੇ, ‘ਆਪ’, ਐੱਸ ਪੀ ਅਤੇ ਸੀ ਪੀ ਐੱਮ ਦੇ ਆਗੂਆਂ ਨੇ ਸ੍ਰੀ ਰਿਜਿਜੂ ਨਾਲ ਮੁਲਾਕਾਤ ਕਰ ਕੇ ਚੋਣ ਸੁਧਾਰਾਂ ਬਾਰੇ ਸਦਨ ’ਚ ਚਰਚਾ ਲਈ ਸਮੇਂ ਦਾ ਐਲਾਨ ਕਰਨ ਦੀ ਮੰਗ ਕੀਤੀ ਸੀ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਈ ਪਾਰਟੀਆਂ ਨੇ ਨਿਯਮ 267 ਤਹਿਤ ਐੱਸ ਆਈ ਆਰ ਦੇ ਮੁੱਦੇ ’ਤੇ ਚਰਚਾ ਕਰਾਉਣ ਦੀ ਮੰਗ ਕੀਤੀ ਹੈ ਅਤੇ ਇਸ ਨੂੰ ਹੋਰ ਸੰਸਦੀ ਕੰਮਕਾਰ ਨਾਲੋਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

