ਭਾਰਤ ਵਿੱਚ ਏ ਆਈ ਹੱਬ ਬਣਾਏਗੀ ਗੂਗਲ
ਅਗਲੇ ਪੰਜ ਸਾਲਾਂ ਵਿੱਚ 15 ਅਰਬ ਡਾਲਰ ਦਾ ਕਰੇਗੀ ਨਿਵੇਸ਼; ਅਡਾਨੀ ਗਰੁੱਪ ਨਾਲ ਮਿਲ ਕੇ ਬਣਾਏਗੀ ਡੇਟਾ ਸੈਂਟਰ
ਤਕਨੀਕੀ ਖੇਤਰ ਦੀ ਵੱਡੀ ਕੰਪਨੀ ਗੂਗਲ ਨੇ ਅੱਜ ਕਿਹਾ ਕਿ ਉਹ ਭਾਰਤ ਦੇ ਆਂਧਰਾ ਪ੍ਰਦੇਸ਼ ਵਿੱਚ ਮਸਨੂਈ ਬੌਧਿਕਤਾ (ਏ ਆਈ) ਹੱਬ ਸਥਾਪਤ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ 15 ਅਰਬ ਡਾਲਰ ਨਿਵੇਸ਼ ਕਰੇਗੀ। ਇਸ ਵਿੱਚ ਅਡਾਨੀ ਗਰੁੱਪ ਨਾਲ ਭਾਈਵਾਲੀ ਤਹਿਤ ਇੱਕ ਗੀਗਾਵਾਟ ਦਾ ਡੇਟਾ ਸੈਂਟਰ ਵੀ ਬਣਾਇਆ ਜਾਵੇਗਾ। ਇਹ ਭਾਰਤ ਵਿੱਚ ਗੂਗਲ ਦੇ ਸਭ ਤੋਂ ਵੱਡੇ ਨਿਵੇਸ਼ਾਂ ਵਿੱਚੋਂ ਇੱਕ ਹੈ। ਇਸ ਪ੍ਰਾਜੈਕਟ ਨਾਲ ਆਂਧਰਾ ਪ੍ਰਦੇਸ਼ ਵਿੱਚ ਪੰਜ ਤੋਂ ਛੇ ਹਜ਼ਾਰ ਰੁਜ਼ਗਾਰ ਅਤੇ ਅਸਿੱਧੇ ਤੌਰ ’ਤੇ ਕੁੱਲ 20-30 ਹਜ਼ਾਰ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਵਿਸ਼ਾਖਾਪਟਨਮ ਵਿੱਚ ਬਣਨ ਵਾਲਾ ਇਹ ਏ ਆਈ ਹੱਬ ਅਮਰੀਕਾ ਤੋਂ ਬਾਹਰ ਗੂਗਲ ਦਾ ਸਭ ਤੋਂ ਵੱਡਾ ਕੇਂਦਰ ਹੋਵੇਗਾ। ਇਸ ਵਿੱਚ ਸਵੱਛ ਊਰਜਾ ਨਾਲ ਚੱਲਣ ਵਾਲਾ ਡੇਟਾ ਸੈਂਟਰ ਅਤੇ ਫਾਈਬਰ ਆਪਟਿਕ ਨੈੱਟਵਰਕ ਸ਼ਾਮਲ ਹੋਵੇਗਾ। ਭਾਰਤੀ ਉਦਯੋਗਪਤੀ ਗੌਤਮ ਅਡਾਨੀ ਨੇ ਕਿਹਾ ਕਿ ਉਸ ਦੀ ਕੰਪਨੀ ਅਡਾਨੀਕੋਨੈਕਸ ਇਸ ਪ੍ਰਾਜੈਕਟ ਵਿੱਚ ਗੂਗਲ ਦੇ ਨਾਲ-ਨਾਲ ਭਾਰਤ ਦੀ ਦੂਸਰੀ ਸਭ ਤੋਂ ਵੱਡੀ ਮੋਬਾਈਲ ਅਪਰੇਟਰ ਭਾਰਤੀ ਏਅਰਟੈੱਲ ਨਾਲ ਭਾਈਵਾਲੀ ਕਰੇਗੀ। ਇਸ ਦੇ ਨਾਲ ਹੀ ਗੂਗਲ ਅਮਰੀਕਾ ਦੀਆਂ ਉਨ੍ਹਾਂ ਵੱਡੀਆਂ ਤਕਨੀਕੀ ਕੰਪਨੀਆਂ ਵਿੱਚ ਸ਼ਾਮਲ ਹੋ ਗਈ ਹੈ ਜੋ ਭਾਰਤ ਵਿੱਚ ਨਿਵੇਸ਼ ਵਧਾ ਰਹੀਆਂ ਹਨ।