Gold smuggling case: ਕੋਰਟ ਵੱਲੋਂ ਕੰਨੜ ਅਦਾਕਾਰਾ ਰਾਨਿਆ ਰਾਓ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਰਾਖਵਾਂ
ਬੰਗਲੂਰੂ, 6 ਮਾਰਚ
Gold smuggling case ਸਥਾਨਕ ਕੋਰਟ ਨੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਸੋਨੇ ਦੀ ਤਸਕਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੰਨੜ ਅਦਾਕਾਰਾ Ranya Rao ਵੱਲੋਂ ਦਾਇਰ ਜ਼ਮਾਨਤ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਆਰਥਿਕ ਅਪਰਾਧਾਂ ਬਾਰੇ ਕੋਰਟ ਭਲਕੇ ਰੈਵੇਨਊ ਇੰਟੈਲੀਜੈਂਸ ਬਾਰੇ ਡਾਇਰੈਕਟੋਰੇਟ (DRI) ਦੀਆਂ ਦਲੀਲਾਂ ਸੁਣਨ ਮਗਰੋਂ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਏਗੀ। ਡੀਆਰਆਈ ਨੇ ਇਸ ਮਾਮਲੇ ਵਿਚ ਹੋਰ ਪੁੱਛ ਪੜਤਾਲ ਲਈ ਅਦਾਕਾਰਾ ਦੀ ਕਸਟੱਡੀ ਵਿਚ ਵਾਧੇ ਦੀ ਮੰਗ ਕੀਤੀ ਸੀ।
ਡੀਆਰਆਈ ਨੇ ਤਿੰਨ ਦਿਨਾ ਕਸਟਡੀ ਦੀ ਮੰਗ ਕਰਦਿਆਂ ਕਿਹਾ ਸੀ ਕਿ ਕੌਮੀ ਸੁਰੱਖਿਆ ਨੂੰ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਅਦਾਕਾਰਾ ਤੋਂ ਪੁੱਛ ਪੜਤਾਲ ਦੀ ਲੋੜ ਹੈ। ਏਜੰਸੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਵੱਡੇ ਤਸਕਰੀ ਸਿੰਡੀਕੇਟ ਨਾਲ ਸਬੰਧਾਂ ਦਾ ਪਤਾ ਲੱਗ ਸਕਦਾ ਹੈ, ਜਿਸ ਲਈ ਬਹੁਪਰਤੀ ਜਾਂਚ ਦੀ ਲੋੜ ਹੈ। ਅਦਾਕਾਰਾ ਦੇ ਵਕੀਲਾਂ ਨੇ ਹਾਲਾਂਕਿ ਏਜੰਸੀ ਦੀ ਇਸ ਅਪੀਲ ਦਾ ਵਿਰੋਧ ਕਰਦਿਆਂ ਹਿਰਾਸਤੀ ਪੁੱਛ ਪੜਤਾਲ ਨੂੰ ਬੇਲੋੜੀ ਦੱਸਿਆ।
ਚੇਤੇ ਰਹੇ ਕਿ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਰਾਓ ਤੋਂ ਸੋਨਾ ਬਰਾਮਦ ਹੋਇਆ ਸੀ, ਜਿਸ ਦੀ ਕੀਮਤ 12.56 ਕਰੋੜ ਰੁਪਏ ਦੱਸੀ ਗਈ ਸੀ। ਇਸ ਮਗਰੋਂ ਅਦਾਕਾਰਾ ਦੀ ਰਿਹਾਇਸ਼ ’ਤੇ ਮਾਰੇ ਛਾਪਿਆਂ ਦੌਰਾਨ 2.06 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਤੇ 2.67 ਕਰੋੜ ਰੁਪਏ ਦੀ ਭਾਰਤੀ ਕਰੰਸੀ ਮਿਲੀ ਸੀ। ਅਦਾਕਾਰਾ ਸੀਨੀਅਰ ਆਈਪੀਐੱਸ ਅਧਿਕਾਰੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਆਈਪੀਐੱਸ ਅਧਿਕਾਰੀ ਨੇ ਆਪਣੀ ਮਤਰੇਈ ਧੀ ਰਾਨਿਆ ਰਾਓ ਦੀ ਸੋਨੇ ਦੀ ਤਸਕਰੀ ਵਿੱਚ ਕਥਿਤ ਸ਼ਮੂਲੀਅਤ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਡੀਜੀਪੀ ਰੈਂਕ ਦਾ ਇਹ ਅਧਿਕਾਰੀ ਇਸ ਵੇਲੇ ਕਰਨਾਟਕ ਸਟੇਟ ਪੁਲੀਸ ਹਾਊਸਿੰਗ ਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਤੇ ਐੱਮਡੀ ਵਜੋਂ ਸੇਵਾਵਾਂ ਨਿਭਾ ਰਿਹਾ ਹੈ। -ਪੀਟੀਆਈ