ਕੌਮਾਂਤਰੀ ਬਾਜ਼ਾਰ ਦੇ ਮਜ਼ਬੂਤ ਰੁਝਾਨਾਂ ਦੇ ਮੱਦੇਨਜ਼ਰ ਅੱਜ ਕੌਮੀ ਰਾਜਧਾਨੀ ਵਿੱਚ ਸੋਨੇ ਦੀ ਕੀਮਤ 5,080 ਰੁਪਏ ਦੇ ਵਾਧੇ ਨਾਲ 1,12,750 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ, 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ ਸੋਮਵਾਰ ਨੂੰ 1,07,670 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।
ਇਸੇ ਤਰ੍ਹਾਂ ਅੱਜ ਚਾਂਦੀ ਦੀਆਂ ਕੀਮਤਾਂ ਵੀ 2,800 ਰੁਪਏ ਵਧ ਕੇ 1,28,800 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਣੇ) ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ ਕੀਮਤੀ ਧਾਤ 1,26,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰਾਂ ਵਿੱਚ, ਅੱਜ ਸੋਨਾ 3,659.27 ਅਮਰੀਕੀ ਡਾਲਰ ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਬਾਅਦ ਵਿੱਚ ਕੀਮਤੀ ਧਾਤ 16.81 ਡਾਲਰ ਜਾਂ 0.46 ਫੀਸਦੀ ਦੇ ਵਾਧੇ ਨਾਲ 3,652.72 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਸੀ।
ਕਾਰੋਬਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਅਮਰੀਕਾ ਦੇ ਕਮਜ਼ੋਰ ਲੇਬਰ ਮਾਰਕੀਟ ਡੇਟਾ ਨੇ ਮੁਦਰਾ ਨੀਤੀ ਵਿੱਚ ਢਿੱਲ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ, ਜਿਸ ਨਾਲ ਨਿਵੇਸ਼ਕਾਂ ਦਾ ਰੁਝਾਨ ਸੋਨੇ ਵਰਗੇ ਸੁਰੱਖਿਅਤ ਨਿਵੇਸ਼ ਵਾਲੇ ਪਾਸੇ ਵਧਿਆ ਹੈ। ਡਾਲਰ ਦੇ ਪਿੱਛੇ ਹਟਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਹੋਰ ਤੇਜ਼ੀ ਆਈ। ਇਸ ਦੌਰਾਨ, ਡਾਲਰ ਸੂਚਕਅੰਕ ਜੋ ਕਿ ਛੇ ਮੁਦਰਾਵਾਂ ਦੇ ਮੁਕਾਬਲੇ ਗਰੀਨਬੈਕ ਦੀ ਮਜ਼ਬੂਤੀ ਨੂੰ ਮਾਪਦਾ ਹੈ, 97.29 ’ਤੇ ਕਾਰੋਬਾਰ ਕਰ ਰਿਹਾ ਸੀ ਜੋ ਕਿ 0.17 ਫੀਸਦੀ ਘਟ ਗਿਆ।