ਗੋਆ ਦੇ ਚਿੱਤਰਕਾਰ ਸੌਜ਼ਾ ਦੀ ਕਲਾਕ੍ਰਿਤੀ ਵੱਲੋਂ ਨਿਲਾਮੀ ਦਾ ਨਵਾਂ ਰਿਕਾਰਡ ਕਾਇਮ
‘ਹਾਊਸਿਸ ਆਫ ਹੈਂਪਸਟੈਡ’ ਪੇਂਟਿੰਗ 75 ਲੱਖ ਡਾਲਰ ਤੋਂ ਵੱਧ ਮੁੱਲ ’ਚ ਨਿਲਾਮ; ਤੈਅ ਕੀਮਤ ਤੋਂ ਸੱਤ ਗੁਣਾ ਵੱਧ ਬੋਲੀ ਲੱਗੀ
ਗੋਆ ਦੇ ਚਿੱਤਰਕਾਰ ਫਰਾਂਸਿਸ ਨਿਊਟਨ ਸੌਜ਼ਾ ਦੀ ਕਲਾਕ੍ਰਿਤੀ ‘‘ਹਾਊਸਿਸ ਇਨ ਹੈਂਪਸਟੈਡ’’ ਨੇ ਕਲਾ ਜਗਤ ’ਚ ਨਿਲਾਮੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਲੰਡਨ ਦੇ ਸੋਥਬੀ ਦੀ ਨਿਲਾਮੀ ’ਚ ਇਹ ਕਲਾਕ੍ਰਿਤੀ 75 ਲੱਖ ਡਾਲਰ ਤੋਂ ਵੱਧ ਮੁੱਲ ’ਚ ਵਿਕੀ, ਜੋ ਇਸ ਦੀ ਤੈਅ ਕੀਮਤ ਤੋਂ ਲਗਪਗ ਸੱਤ ਗੁਣਾ ਵੱਧ ਹੈ।
‘ਆਧੁਨਿਕ ਅਤੇ ਸਮਕਾਲੀ ਦੱਖਣ ਏਸ਼ਿਆਈ ਕਲਾ’ ਨਿਲਾਮੀ ਵਿੱਚ ਬੰਬੇ ਪ੍ਰੋਗਰੈਸਿਵ ਗਰੁੱਪ ਦੇ ਸੰਸਥਾਪਕ ਮੈਂਬਰ ਸੌਜ਼ਾ ਦੀ ਇੱਕ ਹੋਰ ਕਲਾਕ੍ਰਿਤੀ ‘ਐਂਪਰਰ’ ਵੀ ਤੈਅ ਕੀਮਤ ਤੋਂ ਪੰਜ ਗੁਣਾ ਵੱਧ ਕੀਮਤ ’ਤੇ 69 ਲੱਖ ਡਾਲਰ ’ਚ ਵਿਕੀ। ਇਸ ਹਫ਼ਤੇ ਨਿਲਾਮੀ ’ਚ ਸ਼ਾਮਲ ਸੌਜ਼ਾ ਦੀਆਂ ਪੰਜ ਕਲਾਕ੍ਰਿਤੀਆਂ ਕੁੱਲ 1.46 ਕਰੋੜ ਡਾਲਰ ’ਚ ਵਿਕੀਆਂ। ਨਿਲਾਮੀ ’ਚ ਵਾਸੂਦੇਵ ਗਾਏਤੋਂਡੇ, ਐੱਮ ਐੱਫ ਹੁਸੈਨ, ਸਈਅਦ ਹੈਦਰ ਰਜ਼ਾ, ਗਣੇਸ਼ ਪਾਈਨ, ਜਗਦੀਸ਼ ਸਵਾਮੀਨਾਥਨ ਤੇ ਨਾਰਾਇਣ ਸ੍ਰੀਧਰ ਬੇਂਦਰੇ ਆਦਿ ਕਲਾਕਾਰਾਂ ਦੀ ਕਲਾਕ੍ਰਿਤਾਂ ’ਤੇ ਵੀ ਬੋਲੀ ਲੱਗੀ। ਇਸ ਦੌਰਾਨ ਵਿਕੀਆਂ ਕਲਾਕ੍ਰਿਤਾਂ ਤੋਂ ਕੁੱਲ 2.55 ਕਰੋੜ ਡਾਲਰ ਦੀ ਰਕਮ ਪ੍ਰਾਪਤ ਹੋਈ। ਸੋਥਬੀ’ਜ਼ ’ਚ ਵਿਕਰੀ ਮਾਮਲਿਆਂ ਦੀ ਸਹਿ-ਆਲਮੀ ਮੁਖੀ ਮੰਜਰੀ ਸਿਹਾਰੇ ਨੇ ਕਿਹਾ, ‘‘ਸਾਡੀ ‘ਆਧੁਨਿਕ ਅਤੇ ਸਮਕਾਲੀ ਦੱਖਣ ਏਸ਼ਿਆਈ ਕਲਾ’ ਨਿਲਾਮੀ ਹਾਲੀਆ ਸਾਲਾਂ ’ਚ ਇਸ ਵਰਗ ’ਚ ਸਭ ਤੋਂ ਵੱਧ ਮੁੱਲ ਵਾਲੀਆਂ ਨਿਲਾਮੀਆਂ ਵਿਚੋਂ ਇੱਕ ਹੈ। ਇਸ ਵਿੱਚ ਵਿਭਾਗ ਦੇ 30 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਧ ਰਕਮ ਦੀ ਕਮਾਈ ਹੋਈ ਜਿਸ ਨੇ ਮਾਰਚ ’ਚ ਬਣਿਆ ਪਿਛਲਾ ਰਿਕਾਰਡ ਤੋੜ ਦਿੱਤਾ।’’