ਗੋਆ ਦੇ ਨਾਈਟ ਕਲੱਬ ਵਿਚ ਬੀਤੇ ਦਿਨੀਂ ਅੱਗ ਲੱਗਣ ਕਾਰਨ 25 ਜਣਿਆਂ ਦੀ ਮੌਤ ਹੋ ਗਈ ਸੀ। ਇਸ ਕਲੱਬ ਦੇ ਮਾਲਕ ਗੌਰਵ ਅਤੇ ਸੌਰਭ ਲੂਥਰਾ ਨੇ ਐਤਵਾਰ ਨੂੰ ਥਾਈਲੈਂਡ ਦੇ ਫੁਕੇਟ ਦੀ ਉਡਾਣ ਭਰੀ। ਪੁਲੀਸ ਅਧਿਕਾਰੀਆਂ ਨੇ ਕਿਹਾ ਹੈ ਕਿ ਗੋਆ ਪੁਲੀਸ ਇੰਟਰਪੋਲ ਨਾਲ ਤਾਲਮੇਲ ਕਰ ਰਹੀ ਹੈ। ਇਸ ਤੋਂ ਪਹਿਲਾਂ ਕਲੱਬ ਦੇ ਮਾਲਕ ਨੇ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਤੇ ਤਾਲਮੇਲ ਦਾ ਭਰੋਸਾ ਦਿੱਤਾ ਸੀ।
ਇਸ ਤੋਂ ਪਹਿਲਾਂ ਮੁੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦਾਅਵਾ ਕੀਤਾ ਸੀ ਕਿ ਗੋਆ ਦੇ ਨਾਈਟ ਕਲੱਬ ਵਿਚ ਲੱਗੀ ਅੱਗ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਅੰਦਰ ‘ਬਿਜਲਈ ਪਟਾਕੇ’ ਚਲਾਏ ਗਏ ਸਨ ਜਿਸ ਕਰਕੇ ਅੱਗ ਲੱਗੀ ਤੇ 25 ਵਿਅਕਤੀਆਂ ਦੀ ਮੌਤ ਹੋ ਗਈ। ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਉੱਤਰੀ ਗੋਆ ਸਥਿਤ ਨਾਈਟ ਕਲੱਬ ਵਿਚ ਭਿਆਨਕ ਅੱਗ ਲੱਗ ਗਈ ਸੀ। ਮੁੱਢਲੀ ਜਾਂਚ ਵਿਚ ਸਰਕਾਰੀ ਅਧਿਕਾਰੀਆਂ ਦੀ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਣਗਹਿਲੀ ਸਾਹਮਣੇ ਆਈ ਸੀ।
ਅਧਿਕਾਰੀਆਂ ਨੇ ਕਿਹਾ ਸੀ ਕਿ ਪਣਜੀ ਤੋਂ 25 ਕਿਲੋਮੀਟਰ ਦੂਰ ਸਥਿਤ ਅਰਪੋਰਾ ਵਿੱਚ 'ਬਿਰਚ ਬਾਏ ਰੋਮੀਓ ਲੇਨ' ਨਾਈਟ ਕਲੱਬ ਵਿੱਚ ਅੱਗ ਲੱਗਣ ਦੀ ਸੰਭਾਵੀ ਵਜ੍ਹਾ ਆਤਿਸ਼ਬਾਜ਼ੀ ਸੀ। ਉਨ੍ਹਾਂ ਕਿਹਾ ਕਿ ਕਲੱਬ ਕੋਲ ਕਥਿਤ ਫਾਇਰ ਵਿਭਾਗ ਦਾ ਐੱਨਓਸੀ ਵੀ ਨਹੀਂ ਸੀ। ਇਸ ਘਟਨਾ ਵਿੱਚ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਛੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਪੰਜ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਵਿੱਚ ਨਾਈਟ ਕਲੱਬ ਦੇ 20 ਕਰਮਚਾਰੀ ਅਤੇ ਪੰਜ ਸੈਲਾਨੀ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਚਾਰ ਦਿੱਲੀ ਦੇ ਸਨ।
ਮੁੱਖ ਮੰਤਰੀ ਸਾਵੰਤ ਨੇ ਐਤਵਾਰ ਨੂੰ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਨਾਈਟ ਕਲੱਬ ਨੇ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ। ਸਾਵੰਤ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਅੰਦਰ ‘ਬਿਜਲਈ ਪਟਾਕੇ" ਅੰਦਰ ਚਲਾਏ ਗਏ ਸਨ, ਜਿਸ ਨਾਲ ਸ਼ਨਿੱਚਰਵਾਰ ਰਾਤ 11.45 ਵਜੇ ਅੱਗ ਲੱਗ ਗਈ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਵੀ. ਕੈਂਡਾਵੇਲੋ ਅਤੇ ਡੀ.ਜੀ.ਪੀ. ਆਲੋਕ ਕੁਮਾਰ ਨੂੰ ਉਨ੍ਹਾਂ ਸਰਕਾਰੀ ਅਧਿਕਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਨੇ ਕਲੱਬ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਦਮ ਘੁੱਟਣ ਕਾਰਨ ਹੋਈਆਂ ਹਨ, ਕਿਉਂਕਿ ਪੀੜਤ ਜ਼ਮੀਨੀ ਮੰਜ਼ਿਲ ਅਤੇ ਰਸੋਈ ਵਿੱਚ ਫਸ ਗਏ ਸਨ।
ਤੰਗ ਗਲੀਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਕਲੱਬ ਤੱਕ ਰਸਾਈ ਬੰਦ ਹੋ ਗਈ ਸੀ, ਅਤੇ ਪਾਣੀ ਦੇ ਟੈਂਕਰਾਂ ਨੂੰ ਮੌਕੇ ਤੋਂ ਕਰੀਬ 400 ਮੀਟਰ ਦੂਰ ਖੜ੍ਹਾ ਕਰਨਾ ਪਿਆ। ਫਾਇਰ ਐਂਡ ਐਮਰਜੈਂਸੀ ਸਰਵਸਿਜ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਸ ਨਾਲ ਅੱਗ ’ਤੇ ਕਾਬੂ ਪਾਉਣਾ ਚੁਣੌਤੀਪੂਰਨ ਕੰਮ ਬਣ ਗਿਆ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਿਹਾ ਕਿ ਛੋਟੇ ਦਰਵਾਜ਼ੇ ਅਤੇ ਤੰਗ ਪੁਲ ਕਾਰਨ ਲੋਕਾਂ ਲਈ ਬਚਣਾ ਮੁਸ਼ਕਲ ਹੋ ਗਿਆ।
ਪੀਟੀਆਈ

