‘ਗਲੋਬਲ ਸਾਊਥ’ ਕਿਸੇ ਇਕ ਬਾਜ਼ਾਰ ’ਤੇ ਟੇਕ ਨਾ ਰੱਖੇ: ਜੈਸ਼ੰਕਰ
ਬਰਾਬਰ ਦੇ ਮੌਕਿਆਂ ਲੲੀ ਮੋਰਚਾ ਕਾਇਮ ਕਰਨ ਦਾ ਦਿੱਤਾ ਸੁਝਾਅ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਖਣ ਦੇ ਮੁਲਕਾਂ ਨੂੰ ਸਪਲਾਈ ਚੇਨਾਂ ਦਾ ਨਿਰਮਾਣ ਕਰਕੇ, ਨਿਰਪੱਖ ਆਰਥਿਕ ਰਵਾਇਤਾਂ ਨੂੰ ਹੱਲਾਸ਼ੇਰੀ ਦੇਣ ਅਤੇ ਦੱਖਣ-ਦੱਖਣ ਵਪਾਰ ਤੇ ਤਕਨਾਲੋਜੀ ਸਹਿਯੋਗ ਨੂੰ ਉਤਸ਼ਾਹਿਤ ਕਰਕੇ ਕਿਸੇ ਇਕ ਸਪਲਾਇਰ ਜਾਂ ਬਾਜ਼ਾਰ ’ਤੇ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ ਹੈ।
ਜੈਸ਼ੰਕਰ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਇਜਲਾਸ ਤੋਂ ਅੱਡ ਆਲਮੀ ਦੱਖਣ ਮੁਲਕਾਂ ਦੀ ਇਕ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘‘ਅਸੀਂ ਅਜਿਹੇ ਸਮੇਂ ’ਚ ਮਿਲ ਰਹੇ ਹਾਂ ਜਦੋ ਦੁਨੀਆ ਦੇ ਹਾਲਾਤ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਮੁਸ਼ਕਲਾਂ ਦੇ ਹੱਲ ਲਈ ਆਲਮੀ ਦੱਖਣ ਬਹੁ-ਧਿਰਵਾਦ ਵੱਲ ਰੁਖ਼ ਕਰੇ।’’ ਜੈਸ਼ੰਕਰ ਨੇ ਕਿਹਾ ਕਿ ਬਦਕਿਸਮਤੀ ਨਾਲ ਉਥੇ ਵੀ ਨਿਰਾਸ਼ਾ ਹੱਥ ਲੱਗਣ ਦੀ ਸੰਭਾਵਨਾ ਹੈ, ਕਿਉਂਕਿ ਉਸ ਦੀ ਧਾਰਨਾ ਵੀ ਖ਼ਤਰੇ ’ਚ ਹੈ ਅਤੇ ਉਹ ਸਰੋਤਾਂ ਦੀ ਘਾਟ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਆਲਮੀ ਦੱਖਣ ਨੂੰ ਕੌਮਾਂਤਰੀ ਪ੍ਰਣਾਲੀ ’ਚ ਬਰਾਬਰ ਦੇ ਮੌਕਿਆਂ ਦੀ ਮੰਗ ਕਰਦਿਆਂ ਇਕਜੁੱਟ ਮੋਰਚਾ ਬਣਾਉਣਾ ਹੋਵੇਗਾ।
ਜੈਸ਼ੰਕਰ ਨੇ ਕਿਹਾ ਕਿ ਵਿਕਾਸਸ਼ੀਲ ਮੁਲਕਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਆਰਥਿਕ ਰਵਾਇਤਾਂ ਰਾਹੀਂ ਉਤਪਾਦਨ ਦਾ ਲੋਕਤੰਤਰੀਕਰਨ ਕਰਨਾ ਹੋਵੇਗਾ ਅਤੇ ਸੰਤੁਲਿਤ ਤੇ ਟਿਕਾਊ ਆਰਥਿਕ ਸਬੰਧਾਂ ਲਈ ਇਕ ਸਥਿਰ ਮਾਹੌਲ ਯਕੀਨੀ ਬਣਾਉਣਾ ਹੋਵੇਗਾ। ਉਨ੍ਹਾਂ ਆਲਮੀ ਸਾਂਝੇ ਸਰੋਤਾਂ ਦੀ ਸਾਂਭ-ਸੰਭਾਲ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਜੈਸ਼ੰਕਰ ਨੇ ਨੈਦਰਲੈਂਡਜ਼, ਡੈਨਮਾਰਕ, ਸ੍ਰੀਲੰਕਾ, ਮੌਰੀਸ਼ਸ, ਜਮਾਇਕਾ, ਮਾਲਦੀਵ ਅਤੇ ਕਈ ਹੋਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਦੇ ਨਾਲ ਨਾਲ ਆਲਮੀ ਮੁੱਦਿਆਂ ਬਾਰੇ ਚਰਚਾ ਕੀਤੀ।