DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਦਾ ਪਾਣੀ ਸਰਦੂਲਗੜ੍ਹ ਸ਼ਹਿਰ ’ਚ ਦਾਖ਼ਲ

ਉੱਝ ਦਰਿਆ ’ਚ 2.60 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਰਾਵੀ ਚੜਿ੍ਹਆ
  • fb
  • twitter
  • whatsapp
  • whatsapp
featured-img featured-img
ਸਰਦੂਲਗੜ੍ਹ ਦੇ ਅੇੈੱਫਸੀਆਈ ਗੁਦਾਮਵਿੱਚ ਦਾਖ਼ਲ ਘੱਗਰ ਦੇ ਪਾਣੀ ’ਚ ਘਿਰੇ ਲੋਕ। -ਫੋਟੋ: ਬਲਜੀਤ ਸਿੰਘ ਸਰਦੂਲਗੜ੍ਹ
Advertisement

* ਪਟਿਆਲਾ ’ਚ ਮੋਹਲੇਧਾਰ ਮੀਂਹ ਕਾਰਨ ਮੁੜ ਬਣੇ ਹੜ੍ਹਾਂ ਵਰਗੇ ਹਾਲਾਤ

* ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਤੇ ਹੋਰ ਸਰਹੱਦੀ ਖੇਤਰਾਂ ’ਚ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ

ਆਤਿਸ਼ ਗੁਪਤਾ

ਚੰਡੀਗੜ੍ਹ, 19 ਜੁਲਾਈ

Advertisement

ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ’ਚ ਪਿਛਲੇ ਦਿਨੀਂ ਪਏ ਮੀਂਹ ਤੋਂ ਬਾਅਦ ਘੱਗਰ ਦਰਿਆ ਲੋਕਾਂ ਲਈ ਆਫ਼ਤ ਬਣਦਾ ਜਾ ਰਿਹਾ ਹੈ ਜਿਸ ਨੇ ਕਈ ਸ਼ਹਿਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਬੀਤੇ ਦਿਨੀਂ ਸਰਦੂਲਗੜ੍ਹ ਨਜ਼ਦੀਕ ਫੂਸ ਮੰਡੀ ਵਿੱਚੋਂ ਲੰਘਦੇ ਦਰਿਆ ਵਿੱਚ ਪਾੜ ਪੈਣ ਕਰਕੇ ਘੱਗਰ ਦਾ ਪਾਣੀ ਸ਼ਹਿਰ ਤੱਕ ਪਹੁੰਚ ਗਿਆ ਹੈ। ਭਾਵੇਂ ਲੋਕਾਂ ਨੇ ਸ਼ਹਿਰ ਵਿੱਚ ਪਾਣੀ ਦੇ ਦਾਖ਼ਲੇ ਨੂੰ ਰੋਕਣ ਲਈ ਮਾਨਸਾ-ਸਿਰਸਾ ਕੌਮੀ ਮਾਰਗ ’ਤੇ ਬੰਨ੍ਹ ਤੱਕ ਮਾਰ ਦਿੱਤਾ ਹੈ ਪਰ ਤੇਜ਼ ਵਹਾਅ ਕਰਕੇ ਪਾਣੀ ਨੇ ਸ਼ਹਿਰ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਧਰ ਸਰਦੂਲਗੜ੍ਹ ਵਿੱਚ ਐੱਫਸੀਆਈ ਦੇ ਗੁਦਾਮ ’ਚ ਪਾਣੀ ਦਾਖ਼ਲ ਹੋਣ ਕਾਰਨ ਕਣਕ ਤੇ ਝੋਨੇ ਦੇ ਲੱਖਾਂ ਗੱਟੇ ਪਾਣੀ ਵਿੱਚ ਡੁੱਬ ਗਏ ਹਨ।

ਇਸ ਦੌਰਾਨ ਅੱਜ ਸਵੇਰ ਸਮੇਂ ਉੱਝ ਦਰਿਆ ਵਿੱਚ 2.60 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਰਕੇ ਰਾਵੀ ਦਰਿਆ ’ਚ ਪਾਣੀ ਵਧਣ ਲੱਗ ਪਿਆ ਹੈ। ਇਸ ਕਾਰਨ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੋਰ ਸਰਹੱਦੀ ਖੇਤਰਾਂ ’ਚ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪ੍ਰਸ਼ਾਸਨ ਨੇ ਵੀ ਦਰਿਆਵਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਆਦੇਸ਼ ਦਿੱਤੇ ਹਨ।

ਸੂਬੇ ’ਚ ਸਥਿਤ ਤਿੰਨੋਂ ਡੈਮਾਂ ਵਿੱਚ ਪਾਣੀ ਦਾ ਪੱਧਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਪਠਾਨਕੋਟ ਵਿੱਚ ਸਥਿਤ ਰਣਜੀਤ ਸਾਗਰ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਤਿੰਨ ਮੀਟਰ ਹੇਠਾਂ ਰਹਿ ਗਿਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਅੱਜ ਰਣਜੀਤ ਸਾਗਰ ਡੈਮ ਵਿੱਚੋਂ 5 ਹਜ਼ਾਰ ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ।

ਹੜ੍ਹਾਂ ਕਾਰਨ ਪੰਜਾਬ ਦੇ ਜਿੱਥੇ ਡੇਢ ਦਰਜਨ ਦੇ ਕਰੀਬ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ, ਉੱਥੇ ਅੱਜ ਪਏ ਮੀਂਹ ਨੇ ਪਟਿਆਲਾ ਵਿੱਚ ਮੁੜ ਹੜ੍ਹਾਂ ਵਰਗੇ ਹਾਲਾਤ ਬਣਾ ਦਿੱਤੇ ਹਨ। ਪਟਿਆਲਾ ਸ਼ਹਿਰ ਵਿੱਚ ਅੱਜ ਸਵੇਰੇ 7.30 ਕੁ ਵਜੇ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਅਤੇ ਰਾਹਗੀਰਾਂ ਨੂੰ ਲੰਘਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ’ਚ 24 ਘੰਟਿਆਂ ਦੌਰਾਨ 38.6 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ’ਚ 28.6, ਪਠਾਨਕੋਟ ’ਚ 30, ਫਿਰੋਜ਼ਪੁਰ ’ਚ 10 ਅਤੇ ਜਲੰਧਰ ’ਚ 6 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਮਾਨਸਾ, ਸੰਗਰੂਰ ਸਣੇ ਹੋਰ ਇਲਾਕਿਆਂ ਵਿੱਚ ਵੀ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਭਲਕੇ ਤੋਂ 23 ਜੁਲਾਈ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਿਆ

ਪੰਜਾਬ ਦੇ ਸਾਰੇ ਦਰਿਆ ਅਤੇ ਨਦੀ-ਨਾਲੇ ਭਰੇ ਪਏ ਹਨ। ਸੂਬੇ ਦੇ ਤਿੰਨ ਡੈਮਾਂ ਵਿੱਚ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 524.55 ਮੀਟਰ ’ਤੇ ਪਹੁੰਚ ਗਿਆ ਹੈ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 527.91 ਮੀਟਰ ’ਤੇ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1373.54 ਫੁੱਟ ’ਤੇ ਦਰਜ ਕੀਤਾ ਗਿਆ ਹੈ ਅਤੇ ਉਹ ਖ਼ਤਰੇ ਦੇ ਨਿਸ਼ਾਨ 1390 ਫੁੱਟ ਤੋਂ ਮਸਾਂ 17 ਫੁੱਟ ਦੂਰ ਰਹਿ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ 1646.95 ਫੁੱਟ ਦਰਜ ਕੀਤਾ ਗਿਆ ਹੈ, ਜਦੋਂ ਕਿ ਖਤਰੇ ਦਾ ਨਿਸ਼ਾਨ 1680 ਫੁੱਟ ਹੈ।

Advertisement
×