Gautam Adani Issue: ਅਡਾਨੀ ਮੁੱਦੇ ’ਤੇ ਮੋਦੀ ਦੇਸ਼ ’ਚ ਚੁੱਪ ਧਾਰ ਲੈਂਦੇ ਨੇ, ਵਿਦੇਸ਼ਾਂ ’ਚ 'ਨਿੱਜੀ ਮਾਮਲਾ' ਆਖ ਪੱਲਾ ਝਾੜ ਲੈਂਦੇ ਨੇ: ਰਾਹੁਲ ਗਾਂਧੀ
ਨਵੀਂ ਦਿੱਲੀ, 14 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਾਰੋਬਾਰੀ ਗੌਤਮ ਅਡਾਨੀ (Gautam Adani) ਦੇ ਕਥਿਤ ਭ੍ਰਿਸ਼ਟਾਚਾਰ ਉਤੇ ‘ਪਰਦੇ ਪਾਉਣ’ ਦਾ ਦੋਸ਼ ਲਗਾਇਆ ਹੈ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) 'ਤੇ ਪਾਈ ਇੱਕ ਪੋਸਟ ਵਿੱਚ ਕਿਹਾ ਕਿ ਜਦੋਂ ਦੇਸ਼ ਵਿੱਚ ਇਸ ਬਾਰੇ ਸਵਾਲ ਪੁੱਛੇ ਜਾਂਦੇ ਹਨ ਤਾਂ ਪ੍ਰਧਾਨ ਮੰਤਰੀ ਚੁੱਪ ਧਾਰ ਲੈਂਦੇ ਹਨ ਅਤੇ ਵਿਦੇਸ਼ਾਂ ਵਿੱਚ ਇਸ ਸਾਰੇ ਪੁੱਛੇ ਜਾਣ 'ਤੇ ਇਸ ਨੂੰ ਇੱਕ ਨਿੱਜੀ ਮਾਮਲਾ ਆਖ ਕੇ ਪੱਲਾ ਝਾੜ ਲੈਂਦੇ ਹਨ।
ਗਾਂਧੀ ਨੇ ਹਿੰਦੀ ਵਿੱਚ ਕੀਤੀ ਆਪਣੀ ਟਵੀਟ ਵਿੱਚ ਦੋਸ਼ ਲਗਾਇਆ, ‘‘ਦੇਸ਼ ਵਿਚ ਸਵਾਲ ਪੁੱਛੀਏ ਤਾਂ ਚੁੱਪੀ, ਵਿਦੇਸ਼ ਵਿਚ ਪੁੱਛੀਏ ਤਾਂ ਨਿਜੀ ਮਾਮਲਾ। ਅਮਰੀਕਾ ਵਿਚ ਵੀ ਮੋਦੀ ਜੀ ਨੇ ਅਡਾਨੀ ਜੀ ਦੇ ਭ੍ਰਿਸ਼ਟਾਚਾਰ ਉਤੇ ਪਰਦਾ ਪਾ ਦਿੱਤਾ। ਜਦੋਂ ਮਿੱਤਰ ਦੀ ਜੇਬ ਭਰਨਾ ਮੋਦੀ ਜੀ ਲਈ ‘ਰਾਸ਼ਟਰ ਨਿਰਮਾਣ’ ਹੈ, ਤਾਂ ਰਿਸ਼ਵਤਖ਼ੋਰੀ ਅਤੇ ਮੁਲਕ ਦੀ ਜਾਇਦਾਦ ਨੂੰ ਲੁੱਟਣਾ ‘ਵਿਅਕਤੀਗਤ ਮਾਮਲਾ’ ਬਣ ਜਾਂਦਾ ਹੈ।’’
देश में सवाल पूछो तो चुप्पी,
विदेश में पूछो तो निजी मामला!
अमेरिका में भी मोदी जी ने अडानी जी के भ्रष्टाचार पर पर्दा डाल दिया!
जब मित्र का जेब भरना मोदी जी के लिए “राष्ट्र निर्माण” है, तब रिश्वतखोरी और देश की संपत्ति को लूटना “व्यक्तिगत मामला” बन जाता है।
— Rahul Gandhi (@RahulGandhi) February 14, 2025
ਗ਼ੌਰਤਲਬ ਹੈ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਵਾਸ਼ਿੰਗਟਨ ਵਿੱਚ ਇੱਕ ਸਾਂਝੀ ਮੀਡੀਆ ਬ੍ਰੀਫਿੰਗ ਵਿੱਚ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਨਾਲ ਹੋਈ ਗੱਲਬਾਤ ਦੌਰਾਨ ਗੌਤਮ ਅਡਾਨੀ ਦਾ ਮਾਮਲਾ ਉੱਠਿਆ ਤਾਂ ਮੋਦੀ ਨੇ ‘ਵਿਅਕਤੀਗਤ ਮਾਮਲੇ’ ਵਾਲਾ ਜਵਾਬ ਦਿੱਤਾ।
ਉਨ੍ਹਾਂ ਕਿਹਾ: "ਭਾਰਤ ਇੱਕ ਲੋਕਤੰਤਰ ਹੈ ਅਤੇ ਸਾਡੀ ਸੰਸਕ੍ਰਿਤੀ 'ਵਸੁਧੈਵ ਕੁਟੁੰਬਕਮ' ਹੈ। ਅਸੀਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਦੇ ਹਾਂ। ਮੇਰਾ ਮੰਨਣਾ ਹੈ ਕਿ ਹਰ ਭਾਰਤੀ ਮੇਰਾ ਹੈ।"
ਮੋਦੀ ਨੇ ਕਿਹਾ ਕਿ ਦੋ ਆਗੂਆਂ ਵਿਚਕਾਰ ਗੱਲਬਾਤ ਵਿੱਚ ਅਜਿਹੇ ਵਿਅਕਤੀਗਤ ਮਾਮਲਿਆਂ 'ਤੇ ਚਰਚਾ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ, "ਦੋ ਦੇਸ਼ਾਂ ਦੇ ਦੋ ਪ੍ਰਮੁੱਖ ਨੇਤਾ ਕਦੇ ਵੀ ਅਜਿਹੇ ਵਿਅਕਤੀਗਤ ਮੁੱਦਿਆਂ 'ਤੇ ਚਰਚਾ ਨਹੀਂ ਕਰਦੇ।" -ਪੀਟੀਆਈ