DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਂਗਸਟਰ ਤੋਂ ਸਿਆਸਤਦਾਨ ਬਣਿਆ ਸੇਖੋਂ ਗ੍ਰਿਫ਼ਤਾਰ

ਸਮਰਥਕਾਂ ਨੇ ਕੁੱਲਗਡ਼੍ਹੀ ਥਾਣੇ ਅੱਗੇ ਧਰਨਾ ਦਿੱਤਾ

  • fb
  • twitter
  • whatsapp
  • whatsapp
Advertisement

ਗੈਂਗਸਟਰ ਤੋਂ ਸਮਾਜ ਸੇਵਕ ਤੇ ਮਗਰੋਂ ਨੇਤਾ ਬਣੇ ਗੁਰਪ੍ਰੀਤ ਸਿੰਘ ਸੇਖੋਂ, ਮੁੱਦਕੀ ਨੂੰ ਦਿਹਾਤੀ ਪੁਲੀਸ ਨੇ ਕੱਲ੍ਹ ਦੇਰ ਰਾਤ ਹਿਰਾਸਤ ਵਿੱਚ ਲੈ ਲਿਆ। ਉਸ ਖਿਲਾਫ਼ 7/51 ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੇਖੋਂ ਨਾਭਾ ਜੇਲ੍ਹ ਬਰੇਕ ਕਾਂਡ ਕਰਕੇ ਚਰਚਿਤ ਰਿਹਾ ਹੈ। ਉਸ ਨੂੰ ਅੱਜ ਐੱਸ ਡੀ ਐੱਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ। ਉਸ ਨੂੰ ਕੁਲਗੜ੍ਹੀ ਥਾਣੇ ਵਿੱਚ ਰੱਖਿਆ ਗਿਆ ਹੈ।

ਦੋ ਵਰ੍ਹੇ ਪਹਿਲਾਂ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਸੇਖੋਂ ਨੇ ਅਪਰਾਧ ਦੀ ਦੁਨੀਆ ਛੱਡਣ ਦਾ ਫੈਸਲਾ ਕੀਤਾ ਅਤੇ ਇਲਾਕੇ ਵਿੱਚ ਸਮਾਜ ਸੇਵਾ ਕਰਨ ਲੱਗ ਪਿਆ। ਮਗਰੋਂ ਉਸ ਨੇ ਸਿਆਸਤ ਵਿੱਚ ਪੈਰ ਧਰਿਆ। ਉਸ ਦੇ ਪਰਿਵਾਰ ਦੇ ਦੋ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਜ਼ਿਲ੍ਹਾ ਪਰਿਸ਼ਦ ਚੋਣਾਂ ਲੜ ਰਹੇ ਹਨ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਹਾਸਲ ਹੈ। ਗ੍ਰਿਫ਼ਤਾਰੀ ਤੋਂ ਕੁਝ ਘੰਟੇ ਪਹਿਲਾਂ ਗੁਰਪ੍ਰੀਤ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕੀਤਾ ਸੀ, ਜਿਸ ’ਚ ਉਸ ਨੇ ਖਦਸ਼ਾ ਪ੍ਰਗਟਾਇਆ ਕਿ ਪੁਲੀਸ ਨੇ ‘ਆਪ’ ਸਰਕਾਰ ਦੇ ਦਬਾਅ ’ਤੇ ਇਹ ਕਾਰਵਾਈ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਮਿਲ ਰਹੇ ਸਮਰਥਨ ਤੋਂ ਸਰਕਾਰ ਦੇ ਸਥਾਨਕ ਆਗੂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

Advertisement

ਅੱਜ ਸਵੇਰੇ ਸੈਂਕੜਿਆਂ ਦੀ ਗਿਣਤੀ ਵਿੱਚ ਉਸ ਦੇ ਸਮਰਥਕ ਕੁਲਗੜ੍ਹੀ ਥਾਣੇ ਅੱਗੇ ਇਕੱਠੇ ਬਾਕੀ ਸਫਾ 5 »

Advertisement

ਹੋਏ। ਉਨ੍ਹਾਂ ਫਿਰੋਜ਼ਪੁਰ-ਲੁਧਿਆਣਾ ਕੌਮੀ ਸ਼ਾਹਰਾਹ ’ਤੇ ਜਾਮ ਲਾ ਦਿੱਤਾ। ਉਨ੍ਹਾਂ ਸਰਕਾਰ ਅਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸ਼ੇਖੋਂ ਦੀ ਰਿਹਾਈ ਤਕ ਧਰਨਾ ਜਾਰੀ ਰੱਖਿਆ ਜਾਵੇਗਾ।

ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਗੁਰਪ੍ਰੀਤ ਸੇਖੋਂ ਦੇ ਆਜ਼ਾਦ ਧੜੇ ਦਾ ਗੱਠਜੋੜ ਹੈ। ਸੇਖੋਂ ਦੀ ਹਿਰਾਸਤ ਨੇ ਹਲਕੇ ਵਿੱਚ ਚੋਣ ਮਾਹੌਲ ਭਖਾ ਦਿੱਤਾ ਹੈ। ਡੀ ਐੱਸ ਪੀ ਕਰਨ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸੇਖੋਂ ਕਈ ਕੇਸਾਂ ਵਿੱਚੋਂ ਬਰੀ ਹੋ ਚੁੱਕਾ ਹੈ, ਪਰ ਕਈ ਕੇਸਾਂ ਵਿੱਚ ਅਜੇ ਵੀ ਜ਼ਮਾਨਤ ’ਤੇ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਣਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਇਹ ਕਾਰਵਾਈ ਕੀਤੀ ਗਈ ਹੈ।

ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਦੋਸ਼ ਲਾਇਆ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ‘ਆਪ’ ਸਰਕਾਰ ’ਤੇ ਸੂਬੇ ਵਿੱਚ ਜਮਹੂਰੀ ਢਾਂਚਾ ਤਹਿਸ ਨਹਿਸ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਉਲਝਾਉਣਾ ਚਾਹੁੰਦੀ ਹੈ, ਪਰ ਉਹ ਧਰਨੇ ਆਦਿ ਦੀ ਬਜਾਏ ਹਲਕੇ ਦੇ ਚੋਣ ਮੈਦਾਨ ਵਿੱਚ ਡਟਣ ਨੂੰ ਤਰਜੀਹ ਦੇਣਗੇ। ਉਧਰ ਗੁਰਪ੍ਰੀਤ ਸੇਖੋਂ ਦੇ ਵਕੀਲ ਅਰਸ਼ਦੀਪ ਕਲੇਰ ਨੇ ਕਿਹਾ ਕਿ ਉਹ ਇਨਸਾਫ਼ ਲਈ ਉੱਪਰਲੀਆਂ ਅਦਾਲਤਾਂ ਦਾ ਰੁਖ਼ ਕਰਨਗੇ।

ਉੱਧਰ, ਮੌਕੇ ’ਤੇ ਪਹੁੰਚੇ ਡੀ ਐੱਸ ਪੀ ਕਰਨ ਸ਼ਰਮਾ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਸੇਖੋਂ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਉਸ ਨਾਲ ਪੂਰਾ ਇਨਸਾਫ਼ ਹੋਵੇਗਾ। ਚੋਣਾਂ ਬਿਲਕੁਲ ਨਿਰਪੱਖ ਤੇ ਸ਼ਾਂਤਮਈ ਮਾਹੌਲ ਵਿੱਚ ਕਰਵਾਈਆਂ ਜਾਣਗੀਆਂ। ਇਸ ਮਗਰੋਂ ਧਰਨਾ ਚੁੱਕ ਲਿਆ ਗਿਆ।

Advertisement
×