ਰਾਜਸਥਾਨ ਦੀ ਬੀਕਾਨੇਰ ਨਹਿਰ ਦਾ ਸ਼ਤਾਬਦੀ ਸਮਾਰੋਹ ਪੰਜਾਬ ’ਚ ਮਨਾਏ ਜਾਣ ਦੇ ਮੁੱਦੇ ਤੋਂ ਭਾਜਪਾ ਨੇ ਹੱਥ ਪਿੱਛੇ ਖਿੱਚ ਲਏ ਹਨ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਸ ਸਮਾਗਮ ਲਈ ਅੱਜ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਆਉਣਾ ਸੀ ਪਰ ਉਨ੍ਹਾਂ ਨੂੰ ਬੀਤੇ ਦਿਨੀਂ ਰਾਹ ’ਚੋਂ ਹੀ ਵਾਪਸ ਦਿੱਲੀ ਸੱਦ ਲਿਆ ਗਿਆ। ਉਧਰ, ਪੰਜਾਬ ਭਾਜਪਾ ਨੇ ਪਾਸਾ ਵੱਟਦਿਆਂ ਇਸ ਨੂੰ ਨਿੱਜੀ ਸਮਾਗਮ ਦੱਸਿਆ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਰਾਜਸਥਾਨ ਨਹਿਰ ਦੇ ਫ਼ਿਰੋਜ਼ਪੁਰ ’ਚ ਕਰਵਾਏ ਸਮਾਗਮ ’ਚ ਪਾਰਟੀ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਪਾਰਟੀ ਦੇ ਕਿਸੇ ਵੀ ਆਗੂ ਜਾਂ ਵਰਕਰ ਨੂੰ ਉਸ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ, ‘‘ਭਾਜਪਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪਾਰਟੀ ਪਲੇਟਫਾਰਮ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ।’’ ਸੂਤਰਾਂ ਨੇ ਦੱਸਿਆ ਕਿ ਜਾਖੜ ਨੇ ਭਾਜਪਾ ਦੀ ਕੌਮੀ ਲੀਡਰਸ਼ਿਪ ਨੂੰ ਇਸ ਸੰਵੇਦਨਸ਼ੀਲ ਮੁੱਦੇ ਬਾਰੇ ਚੌਕਸ ਕੀਤਾ ਸੀ। ਸੂਬੇ ਦੇ ਕਈ ਸੀਨੀਅਰ ਆਗੂਆਂ ਨੇ ਬੀਕਾਨੇਰ ਨਹਿਰ ਬਾਰੇ ਹੋਣ ਵਾਲੇ ਸਮਾਗਮ ਸਬੰਧੀ ਜਨਰਲ ਸਕੱਤਰ ਬੀ ਐੱਲ ਸੰਤੋਸ਼ ਨਾਲ ਗੱਲ ਕਰਕੇ ਇਹ ਪ੍ਰੋਗਰਾਮ ਰੋਕਣ ਦੀ ਅਪੀਲ ਕੀਤੀ ਸੀ। ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਬੇਲੋੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਜਦਕਿ ਮੇਘਵਾਲ ਪੰਜਾਬੀਆਂ ਨੂੰ ਧੰਨਵਾਦ ਦੇਣ ਲਈ ਨਹਿਰ ’ਤੇ ਸਿਰਫ਼ ਪੂਜਾ ਕਰਨਾ ਚਾਹੁੰਦੇ ਸਨ ਅਤੇ ਕੋਈ ਭੜਕਾਊ ਸਿਆਸੀ ਯੋਜਨਾ ਨਹੀਂ ਸੀ। ਮੁੱਖ ਸਮਾਗਮ ਰੱਦ ਹੋਣ ਦੇ ਬਾਵਜੂਦ ਸ਼ੁੱਕਰਵਾਰ ਸਵੇਰੇ ਬੀਕਾਨੇਰ ਦੇ ਕੁਝ ਲੋਕਾਂ ਨੇ ਨਹਿਰ ’ਤੇ ਪੂਜਾ ਕੀਤੀ ਜਿਸ ’ਚ ਪੰਜਾਬ ਅਤੇ ਰਾਜਸਥਾਨ ਦਾ ਕੋਈ ਆਗੂ ਮੌਜੂਦ ਨਹੀਂ ਸੀ।
ਲੋਕ ਰੋਹ ਅੱਗੇ ਮੁੜ ਝੁਕਿਆ ਕੇਂਦਰ
ਚੰਡੀਗੜ੍ਹ (ਚਰਨਜੀਤ ਭੁੱਲਰ): ਬੀਕਾਨੇਰ ਨਹਿਰ ਦੇ ਅੱਜ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ’ਚ ਹੋਣ ਵਾਲੇ ਸ਼ਤਾਬਦੀ ਸਮਾਗਮਾਂ ’ਚ ਪੰਜਾਬ ਦੇ ਲੋਕਾਂ ਦੇ ਰੋਹ ਨੇ ਰੰਗ ’ਚ ਭੰਗ ਪਾ ਦਿੱਤੀ। ਕੇਂਦਰ ਸਰਕਾਰ ਨੇ ਬੀਤੀ ਰਾਤ ਕਰੀਬ 11.30 ਵਜੇ ਯੂ-ਟਰਨ ਲੈਂਦਿਆਂ ਪੰਜਾਬ ਦੀ ਧਰਤੀ ’ਤੇ ਬੀਕਾਨੇਰ ਨਹਿਰ ਦੇ ਹੁਸੈਨੀਵਾਲਾ ’ਚ ਹੋਣ ਵਾਲੇ ਸ਼ਤਾਬਦੀ ਸਮਾਰੋਹ ਨੂੰ ਰੱਦ ਕਰ ਦਿੱਤਾ ਸੀ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਜਪਾ ਨੂੰ ਚੌਥੀ ਵਾਰ ਪੈਰ ਪਿਛਾਂਹ ਖਿੱਚਣੇ ਪਏ ਹਨ। ਪੰਜਾਬ ਦੇ ਕਿਸਾਨਾਂ ਦੀ ਅਗਵਾਈ ਸਦਕਾ ਦਿੱਲੀ ’ਚ ਚੱਲੇ ਅੰਦੋਲਨ ਵਜੋਂ ਕੇਂਦਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ। ਪਿਛਲੇ ਦਿਨਾਂ ’ਚ ਕੇਂਦਰ ਸਰਕਾਰ ਨੇ ਪੰਜਾਬ ’ਵਰਸਿਟੀ ਦੀ ਸੈਨੇਟ ਦੇ ਪੁਨਰਗਠਨ ਦਾ ਫ਼ੈਸਲਾ ਕੀਤਾ ਅਤੇ ਜਦੋਂ ਵਿਦਿਆਰਥੀ ਰੋਹ ਨੇ ਸਿਖ਼ਰ ਛੋਹਿਆ ਤਾਂ ਕੇਂਦਰ ਨੂੰ ਪਿੱਛੇ ਮੁੜਨਾ ਪਿਆ। ਉਸ ਮਗਰੋਂ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਮੌਜੂਦਾ ਸਰਦ ਰੁੱਤ ਇਜਲਾਸ ’ਚ ਕੇਂਦਰ ਸ਼ਾਸਿਤ ਪ੍ਰਤੇਸ਼ ਚੰਡੀਗੜ੍ਹ ਨੂੰ ਸਿੱਧਾ ਰਾਸ਼ਟਰਪਤੀ ਦੇ ਕੰਟਰੋਲ ਅਧੀਨ ਲਿਆਉਣ ਲਈ ਸੋਧ ਬਿੱਲ ਲਿਆਉਣ ਦਾ ਫ਼ੈਸਲਾ ਕੀਤਾ ਸੀ ਪਰ ਰੋਸ ਫੈਲਣ ਮਗਰੋਂ ਕੇਂਦਰ ਨੂੰ ਇਹ ਫ਼ੈਸਲਾ ਟਾਲਣਾ ਪਿਆ। ਇਸੇ ਤਰ੍ਹਾਂ ਹਰਿਆਣਾ ਨੂੰ ਚੰਡੀਗੜ੍ਹ ’ਚ ਨਵੀਂ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦੇਣ ਦੇ ਫ਼ੈਸਲੇ ’ਤੇ ਵੀ ਰੋਕ ਲਾ ਦਿੱਤੀ ਗਈ ਸੀ। ਬੀਕਾਨੇਰ ਨਹਿਰ ਪੰਜਾਬ ਦੀ ਦੁਖਦੀ ਰਗ ਹੈ ਅਤੇ ਕਿਸਾਨਾਂ ਦਾ ਪਾਣੀਆਂ ਨਾਲ ਜਜ਼ਬਾਤੀ ਮੋਹ ਹੈ। ਗੁਆਂਢੀ ਸੂਬਿਆਂ ’ਤੇ ਪੰਜਾਬ ਦੇ ਪਾਣੀਆਂ ਦਾ ਹੱਕ ਮਾਰਨ ਦੇ ਦੋਸ਼ ਹਨ ਜਿਸ ਕਰਕੇ ਪੰਜਾਬ ਭਾਜਪਾ ਦੇ ਸ਼ਤਾਬਦੀ ਸਮਾਰੋਹਾਂ ਤੋਂ ਲੋਕ ਰੋਹ ਵਿੱਚ ਆ ਗਏ ਸਨ। »

