ਕੋਲਕਾਤਾ, 7 ਜੁਲਾਈ
ਕੈਂਪਸ ਵਿਚ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਉਪਰੰਤ ਦੱਖਣੀ ਕਲਕੱਤਾ ਲਾਅ ਕਾਲਜ ਸੋਮਵਾਰ ਨੂੰ ਭਾਰੀ ਸੁਰੱਖਿਆ ਦੇ ਵਿਚਕਾਰ ਦੁਬਾਰਾ ਖੁੱਲ੍ਹਿਆ। ਵਾਇਸ ਪ੍ਰਿੰਸੀਪਲ ਨੈਨਾ ਚੈਟਰਜੀ ਨੇ ਦੱਸਿਆ ਕਿ ਮੁੜ ਖੁੱਲ੍ਹਣ ਤੋਂ ਬਾਅਦ ਪਹਿਲੇ ਦਿਨ ਸਿਰਫ਼ ਪਹਿਲੇ ਸਮੈਸਟਰ ਦੇ ਬੀਏ ਐੱਲਐੱਲਬੀ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਫਾਰਮ ਭਰਨ ਲਈ ਆਉਣ ਬਾਰੇ ਕਿਹਾ ਗਿਆ ਹੈ।
ਕੋਲਕਾਤਾ ਪੁਲੀਸ ਦੇ ਸੀਨੀਅਰ ਅਧਿਕਾਰੀ ਕੈਂਪਸ ਵਿੱਚ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਸਨ ਅਤੇ ਨਿੱਜੀ ਗਾਰਡ ਅੰਦਰ ਜਾ ਰਹੇ ਵਿਦਿਆਰਥੀਆਂ ਦੇ ਆਈਡੀ ਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਸਨ। ਇੱਥੇ ਪੁੱਜੇ ਪਹਿਲੇ ਸਮੈਸਟਰ ਦੇ ਵਿਦਿਆਰਥੀ ਦੇ ਪਿਤਾ ਸ਼ਸ਼ਾਂਕ ਧਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਸਥਿਤੀ ਆਮ ਹੋਣ ਤੱਕ ਆਪਣੇ ਪੁੱਤਰ ਨਾਲ ਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, "ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਡਰ ਲੱਗ ਰਿਹਾ ਹੈ।"
ਇੱਕ ਕਾਲਜ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਕਸਬਾ ਸਥਿਤ ਕੈਂਪਸ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੋਲਕਾਤਾ ਪੁਲੀਸ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਲਿਆ ਗਿਆ ੲੈ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਯੂਨੀਅਨ ਦਾ ਕਮਰਾ ਅਤੇ ਸੁਰੱਖਿਆ ਗਾਰਡ ਦਾ ਕਮਰਾ ਪੁਲੀਸ ਨੇ ਜਾਂਚ ਲਈ ਸੀਲ ਕਰ ਦਿੱਤਾ ਹੈ। -ਪੀਟੀਆਈ