ਸਮੂਹਿਕ ਜਬਰ ਜਨਾਹ ਕੇਸ: ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਕਾਲਜ ਪੁੱਜੀ
ਕੋਲਕਾਤਾ, 29 ਜੂਨ
ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਅਰਚਨਾ ਮਜੂਮਦਾਰ ਅੱਜ ‘ਸਾਊਥ ਕੋਲਕਾਤਾ ਲਾਅ ਕਾਲਜ’ ਪੁੱਜੀ। ਕਾਲਜ ’ਚ ਕਾਨੂੰਨ ਦੀ ਇੱਕ ਵਿਦਿਆਰਥਣ ਨਾਲ ਸਾਬਕਾ ਵਿਦਿਆਰਥੀ ਸਮੇਤ ਤਿੰਨ ਜਣਿਆਂ ਨੇ ਕਥਿਤ ਜਬਰ ਜਨਾਹ ਕੀਤਾ ਸੀ। ਅਰਚਨਾ ਨੇ ਦਾਅਵਾ ਕੀਤਾ ਕਿ ਪੁਲੀਸ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੀ ਕਿ ਪੀੜਤਾ ਇਸ ਸਮੇਂ ਕਿੱਥੇ ਹੈ।
ਉਨ੍ਹਾਂ ਕਿਹਾ, ‘ਕਮਿਸ਼ਨ ਉਸ (ਵਿਦਿਆਰਥਣ) ਨਾਲ ਖੜ੍ਹਾ ਹੈ।’ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਕੰਮ ਪੀੜਤਾ ਦੀ ਉਦੋਂ ਤੱਕ ਮਦਦ ਕਰਨਾ ਹੈ ਜਦੋਂ ਤੱਕ ਉਹ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਦੇ ਮਾਪਿਆਂ ਨਾਲ ਵੀ ਗੱਲ ਕਰਨੀ ਜ਼ਰੂਰੀ ਹੈ। ਕਮਿਸ਼ਨ ਦੀ ਮੈਂਬਰ ਨੇ ਕਿਹਾ, ‘ਇਹ ਜਾਂਚ ਦਾ ਇੱਕ ਹਿੱਸਾ ਹੈ।’ ਕਮਿਸ਼ਨ ਦੀ ਮੈਂਬਰ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਕਮਿਸ਼ਨ ਪੀੜਤਾ ਦੇ ਨਾਲ ਨਾਲ ਉਸ ਦੇ ਮਾਪਿਆਂ ਨਾਲ ਵੀ ਗੱਲ ਕਰਦਾ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ ਜਿਸ ’ਚ ਸੁਰੱਖਿਆ, ਪੀੜਤਾ ਦੀ ਪੜ੍ਹਾਈ ਨੂੰ ਅੱਗੇ ਵਧਾਉਣ ’ਚ ਮਦਦ ਆਦਿ ਸ਼ਾਮਲ ਹੈ। ਲਾਅ ਕਾਲਜ ਪੁੱਜੀ ਅਰਚਨਾ ਨੂੰ ਉੱਥੇ ਮੌਜੂਦ ਪੁਲੀਸ ਅਧਿਕਾਰੀਆਂ ਨਾਲ ਬਹਿਸ ਕਰਦੇ ਦੇਖਿਆ ਗਿਆ। ਕਾਲਜ ’ਚ ਮੌਜੂਦ ਇੱਕ ਸਹਾਇਕ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨ ਦੀ ਮੈਂਬਰ ਤੋਂ ਇਲਾਵਾ ਉਸ ਨਾਲ ਆਏ ਦੋ ਹੋਰ ਵਿਅਕਤੀਆਂ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ ਨੋਟ ਕਰਨ ਮਗਰੋਂ ਕੈਂਪਸ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੰਦਰ ਵੀਡੀਓ ਬਣਾਉਣ ਜਾਂ ਤਸਵੀਰਾਂ ਖਿੱਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਾਅਦ ਵਿੱਚ ਅਰਚਨਾ ਕੈਂਪਸ ਅੰਦਰ ਦਾਖਲ ਹੋਈ ਤੇ ਗਾਰਡ ਰੂਮ ’ਚ ਗਈ ਜਿੱਥੇ 25 ਜੂਨ ਨੂੰ ਘਟਨਾ ਵਾਪਰੀ ਸੀ। ਉਨ੍ਹਾਂ ਕਿਹਾ, ‘ਮੈਂ ਰਿਪੋਰਟ ਕਰਾਂਗੀ ਕਿ ਮੈਂ ਆਪਣਾ ਕੰਮ ਪੂਰਾ ਨਹੀਂ ਕਰ ਸਕੀ।’ -ਪੀਟੀਆਈ