ਨਾਗਪੁਰ, 6 ਜੁਲਾਈ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰੂਸ-ਯੂਕਰੇਨ ਅਤੇ ਇਜ਼ਰਾਈਲ-ਇਰਾਨ ਜੰਗਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਹਾਸ਼ਕਤੀਆਂ ਦੀ ਤਾਨਾਸ਼ਾਹੀ ਕਾਰਨ ਤਾਲਮੇਲ, ਆਪਸੀ ਸਦਭਾਵਨਾ ਤੇ ਪਿਆਰ ਦਾ ਮਾਹੌਲ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਦੁਨੀਆ ਭਰ ’ਚ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ। ਭਾਰਤ ਵੱਲੋਂ ਦੁਨੀਆ ਨੂੰ ਸੱਚ, ਅਹਿੰਸਾ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਵਾਲੀ ਬੁੱਧ ਦੀ ਧਰਤੀ ਦੱਸਦਿਆਂ ਗਡਕਰੀ ਨੇ ਕੌਮਾਂਤਰੀ ਘਟਨਾਵਾਂ ਦੀ ਨਜ਼ਰਸਾਨੀ ਅਤੇ ਵਿਚਾਰ ਵਟਾਂਦਰਾ ਕਰਨ ਮਗਰੋਂ ਭਵਿੱਖ ਦੀ ਨੀਤੀ ਤੈਅ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਥੇ ‘ਬਿਓਂਡ ਬਾਰਡਰਜ਼’ ਕਿਤਾਬ ਰਿਲੀਜ਼ ਕਰਨ ਮੌਕੇ ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਟਕਰਾਅ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ ਜਿਸ ਨਾਲ ਵਿਸ਼ਵ ਯੁੱਧ ਕਦੇ ਵੀ ਛਿੜ ਸਕਦਾ ਹੈ। ਉਨ੍ਹਾਂ ਕਿਹਾ ਕਿ ਜੰਗ ਨਾਲ ਸਬੰਧਤ ਤਕਨਾਲੋਜੀ ’ਚ ਤਰੱਕੀ ਨਾਲ ਮਨੁੱਖਤਾ ਦੀ ਰੱਖਿਆ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਗਡਕਰੀ ਨੇ ਕਿਹਾ, ‘‘ਇਜ਼ਰਾਈਲ ਅਤੇ ਇਰਾਨ ਦੇ ਨਾਲ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਰਮਿਆਨ ਦੁਨੀਆ ਭਰ ’ਚ ਟਕਰਾਅ ਦਾ ਮਾਹੌਲ ਹੈ। -ਪੀਟੀਆਈ