Case registered against Himachal Minister: ਐਨਐਚਏਆਈ ਅਧਿਕਾਰੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਕੈਬਨਿਟ ਮੰਤਰੀ ਅਨਿਰੁਧ ਸਿੰਘ ਖ਼ਿਲਾਫ਼ ਕੇਸ
ਸ਼ਿਮਲਾ, 1 ਜੁਲਾਈ
ਸ਼ਿਮਲਾ, 1 ਜੁਲਾਈ
NHAI ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਸਾਈਟ ਦੀ ਜਾਂਚ ਦੌਰਾਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਇੱਕ ਸੀਨੀਅਰ ਅਧਿਕਾਰੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਹਿਮਾਚਲ ਪ੍ਰਦੇਸ਼ ਦੇ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਮੰਤਰੀ ਅਨਿਰੁਧ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਐਨਐਚਏਆਈ ਦੇ ਮੈਨੇਜਰ (ਤਕਨੀਕੀ) ਅਚਲ ਜਿੰਦਲ ਦੀ ਸ਼ਿਕਾਇਤ ਦੇ ਆਧਾਰ ’ਤੇ ਦਾਇਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਭੱਟਾਕੁਫਰ ਖੇਤਰ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਇੱਕ ਸਾਈਟ ਦੇ ਦੌਰੇ ਦੌਰਾਨ ਮੰਤਰੀ ਤੇ ਉਨ੍ਹਾਂ ਦੇ ਸਮਰਥਕਾਂ ਨੇ ਹੱਥੋਪਾਈ ਕੀਤੀ ਤੇ ਦੁਰਵਿਹਾਰ ਕੀਤਾ। ਇਹ ਕਾਰਵਾਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਖਲ ਦੇਣ ਤੋਂ ਬਾਅਦ ਕੀਤੀ ਗਈ ਹੈ।
ਇਹ ਘਟਨਾ ਸਥਾਨਕ ਨਿਵਾਸੀਆਂ, ਮੰਤਰੀ ਅਤੇ ਸ਼ਿਮਲਾ ਦਿਹਾਤੀ ਉਪ ਮੰਡਲ ਮੈਜਿਸਟ੍ਰੇਟ (ਐਸਡੀਐਮ) ਮਨਜੀਤ ਸ਼ਰਮਾ ਦੇ ਸਾਂਝੇ ਨਿਰੀਖਣ ਦੌਰਾਨ ਵਾਪਰੀ। ਐਫਆਈਆਰ ਅਨੁਸਾਰ ਪੇਂਡੂ ਵਿਕਾਸ ਮੰਤਰੀ ਨੇ ਕਥਿਤ ਤੌਰ ’ਤੇ ਸਥਾਨਕ ਰਿਹਾਇਸ਼ ਦੇ ਅੰਦਰ ਪਾਣੀ ਦੇ ਕੰਟੇਨਰ ਨਾਲ ਜਿੰਦਲ ਦੇ ਸਿਰ ’ਤੇ ਵਾਰ ਕੀਤਾ, ਜਿਸ ਨਾਲ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਤੇ ਉਸ ਦੇ ਇੱਕ ਸਾਥੀ ਇੰਜੀਨੀਅਰ ਯੋਗੇਸ਼ ਦੀ ਵੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਢੱਲੀ ਪੁਲੀਸ ਸਟੇਸ਼ਨ ਨੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 132, 121 (1), 352, 126 (2), ਅਤੇ 3 (5) ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
NHAI officials assaulted in Shimla; ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਅਧਿਕਾਰੀਆਂ ’ਤੇ ਸੋਮਵਾਰ ਨੂੰ ਬੇਕਾਬੂ ਹੋਈ ਭੀੜ ਵੱਲੋਂ ਹਮਲਾ ਕੀਤਾ ਗਿਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਹਮਲੇ ਵਿੱਚ ਪੇਂਡੂ ਵਿਕਾਸ ਮੰਤਰੀ ਅਨਿਰੁਧ ਸਿੰਘ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ਲਾਉਂਦਿਆਂ ਇਸ ਮਾਮਲੇ ’ਤੇ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਕਾਰਨ ਇਹ ਵਿਵਾਦ ਵਧ ਗਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਟਵੀਟ ਵਿੱਚ ਕਿਹਾ ਕਿ NHAI PIU ਸ਼ਿਮਲਾ ਦੇ ਮੈਨੇਜਰ ਅਚਲ ਜਿੰਦਲ ’ਤੇ ਕਥਿਤ ਹਮਲਾ ਕੀਤਾ ਗਿਆ। ਇਹ ਹਮਲਾ ਪੰਚਾਇਤੀ ਰਾਜ ਮੰਤਰੀ ਦੇ ਸਹਿਯੋਗੀਆਂ ਵਲੋਂ ਕੀਤਾ ਗਿਆ ਜਿਸ ਦੀ ਉਹ ਸਖਤ ਨਿੰਦਾ ਕਰਦੇ ਹਨ। ਉਨ੍ਹਾਂ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਨਾਲ ਗੱਲ ਕਰਕੇ ਸਾਰੇ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਮਿਸਾਲੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।