ਜੀ-7 ਮੁਲਕ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਰਿਫ ਲਗਾਉਣ: ਟਰੰਪ
ਅਮਰੀਕਾ ਨੇ ਜੀ7 ਦੇਸ਼ਾਂ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਕਸ ਲਗਾਉਣ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਮਾਸਕੋ ਦੀ ਜੰਗੀ ਮਸ਼ੀਨ ਨੂੰ ਧਨ ਮੁਹੱਈਆ ਕਰਵਾਉਣ ਵਾਲੇ ਸਰੋਤਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ ਅਜਿਹਾ ਕਰ ਕੇ ਹੀ ਰੂਸ ਨੂੰ ‘ਬੇਵਕੂਫੀ ਭਰੀਆਂ ਹੱਤਿਆਵਾਂ’ ਤੋਂ ਰੋਕਣ ਲਈ ਲੋੜੀਂਦਾ ਦਬਾਅ ਬਣਾਇਆ ਜਾ ਸਕਦਾ ਹੈ।
ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਅਤੇ ਵਪਾਰ ਪ੍ਰਤੀਨਿਧ ਰਾਜਦੂਤ ਜੈਮੀਸਨ ਗਰੀਰ ਨੇ ਸ਼ੁੱਕਰਵਾਰ ਨੂੰ ਜੀ7 ਵਿੱਤ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਪੀਲ ਬਾਰੇ ਦੱਸਿਆ। ਟਰੰਪ ਨੇ ਇਨ੍ਹਾਂ ਦੇਸ਼ਾਂ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਕਸ ਲਗਾਉਣ ਦੀ ਅਪੀਲ ਕੀਤੀ ਹੈ।
ਕੈਨੇਡਾ ਦੇ ਵਿੱਤ ਅਤੇ ਕੌਮੀ ਰੈਵੇਨਿਊ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਨੇ ਯੂਕਰੇਨ ਖ਼ਿਲਾਫ਼ ਜੰਗ ਖ਼ਤਮ ਕਰਨ ਲਈ ਰੂਸ ’ਤੇ ਦਬਾਅ ਵਧਾਉਣ ਦੇ ਹੋਰ ਉਪਾਅ ਬਾਰੇ ਚਰਚਾ ਕਰਨ ਲਈ ਜੀ7 ਦੇ ਮੈਂਬਰ ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜੀ7 ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਅਤੇ ਬਰਤਾਨੀਆ ਸਣੇ ਅਮੀਰ ਤੇ ਉਦਯੋਗਿਕ ਦੇਸ਼ਾਂ ਦਾ ਅੰਤਰ-ਸਰਕਾਰੀ ਸਮੂਹ ਹੈ। ਕੈਨੇਡਾ ਇਸ ਸਾਲ ਜੀ7 ਦੀ ਪ੍ਰਧਾਨਗੀ ਕਰ ਰਿਹਾ ਹੈ।
ਗੱਲਬਾਤ ਤੋਂ ਬਾਅਦ ਅਮਰੀਕਾ ਦੇ ਵਿੱਤ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ, ‘‘ਜੀ7 ਦੇ ਵਿੱਤ ਮੰਤਰੀਆਂ ਦੇ ਨਾਲ ਅੱਜ ਦੀ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਬੇਸੈਂਟ ਨੇ ਸਾਡੇ ਜੀ7 ਭਾਈਵਾਲਾਂ ਨੂੰ ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਗਈ ਅਪੀਲ ਦੋਹਰਾਈ ਕਿ ਜੇਕਰ ਉਹ ਯੂਕਰੇਨ ’ਚ ਜੰਗ ਖ਼ਤਮ ਕਰਨ ਲਈ ਵਚਨਬੱਧ ਹਨ ਤਾਂ ਉਨ੍ਹਾਂ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਕਸ ਲਗਾਉਣ ਵਿੱਚ ਅਮਰੀਕਾ ਦਾ ਸਾਥ ਦੇਣਾ ਹੋਵੇਗਾ।’’ -
ਭਾਰਤ ਤੇ ਯੂਰਪੀ ਯੂਨੀਅਨ ਜਲਦੀ ਵਪਾਰ ਸਮਝੌਤੇ ’ਤੇ ਕੰਮ ਕਰਨ ਲਈ ਵਚਨਬੱਧ: ਗੋਇਲ
ਨਵੀਂ ਦਿੱਲੀ: ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਅਤੇ ਯੂਰਪੀ ਯੂਨੀਅਨ ਜਲਦੀ ਹੀ ਸੰਤੁਲਿਤ ਅਤੇ ਦੋਵੇਂ ਧਿਰਾਂ ਲਈ ਫਾਇਦੇਮੰਦ ਮੁਕਤ ਵਪਾਰ ਸਮਝੌਤੇ ਵਾਸਤੇ ਕੰਮ ਕਰਨ ਲਈ ਵਚਨਬੱਧ ਹਨ। ਯੂਰਪੀ ਯੂਨੀਅਨ ਦੇ ਵਪਾਰ ਕਮਿਸ਼ਨਰ ਮਾਰੋਸ ਸੈਫਕੋਵਿਕ ਅਤੇ ਯੂਰਪੀ ਖੇਤੀ ਕਮਿਸ਼ਨਰ ਕ੍ਰਿਸਟੌਫ ਹੇਨਸੈਨ ਵਪਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਨੂੰ ਰਫ਼ਤਾਰ ਦੇਣ ਵਾਸਤੇ ਇੱਥੇ ਆਏ ਸਨ। ਦੋਵੇਂ ਧਿਰਾਂ ਦੀਆਂ ਅਧਿਕਾਰਤ ਟੀਮਾਂ ਨੇ 13ਵੇਂ ਗੇੜ ਦੀ ਗੱਲਬਾਤ ਕੀਤੀ। ਗੋਇਲ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ਦੇ 13ਵੇਂ ਗੇੜ ਦੀ ਗੱਲਬਾਤ ਲਈ ਤੁਹਾਡੀ ਮੇਜ਼ਬਾਨੀ ਕਰ ਕੇ ਸਾਨੂੰ ਖੁਸ਼ੀ ਹੋਈ। ਅਸੀਂ ਜਲਦੀ ਹੀ ਇਕ ਸੰਤੁਲਿਤ ਅਤੇ ਦੋਵੇਂ ਧਿਰਾਂ ਲਈ ਫਾਇਦੇਮੰਦ ਮੁਕਤ ਵਪਾਰ ਸਮਝੌਤੇ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵਚਨਬੱਧ ਹਾਂ ਤਾਂ ਜੋ ਦੋਵੇਂ ਧਿਰਾਂ ਲਈ ਵਿਆਪਕ ਮੌਕੇ ਉਪਲਬਧ ਹੋਣ। ਤੁਹਾਡੇ ਦੌਰੇ ਲਈ ਧੰਨਵਾਦ।’’ -ਪੀਟੀਆਈ
ਟਰੰਪ ਵੱਲੋਂ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨ ਦੀ ਅਪੀਲ
ਬਾਸਕਿੰਗ ਰਿੱਜ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ-ਯੂਕਰੇਨ ਜੰਗ ਖ਼ਤਮ ਹੋ ਜਾਵੇਗੀ, ਜੇ ਸਾਰੇ ਨਾਟੋ ਦੇਸ਼ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣ ਅਤੇ ਰੂਸੀ ਪੈਟਰੋਲੀਅਮ ਦੀ ਖਰੀਦ ਲਈ ਚੀਨ ’ਤੇ 50 ਤੋਂ 100 ਫੀਸਦ ਤੱਕ ਟੈਰਿਫ ਲਗਾ ਦੇਣ। ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਪੋਸਟ ਕੀਤਾ ਕਿ ਜੰਗ ਜਿੱਤਣ ਲਈ ਨਾਟੋ ਦੀ ਵਚਨਬੱਧਤਾ 100 ਫੀਸਦ ਤੋਂ ਕਿਤੇ ਘੱਟ ਰਹੀ ਹੈ ਅਤੇ ਗੱਠਜੋੜ ਦੇ ਕੁਝ ਮੈਂਬਰਾਂ ਵੱਲੋਂ ਰੂਸੀ ਤੇਲ ਦੀ ਖਰੀਦ ਕੀਤੀ ਜਾਣੀ ਹੈਰਾਨੀ ਵਾਲੀ ਗੱਲ ਹੈ। -ਏਪੀ
ਬੋਲਟਨ ਨੇ ਮੁੜ ਚੁੱਕੇ ਟਰੰਪ ਦੀਆਂ ਨੀਤੀਆਂ ’ਤੇ ਸਵਾਲ
ਵਾਸ਼ਿੰਗਟਨ ਡੀਸੀ: ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਮੁੜ ਤੋਂ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ’ਤੇ ਸਵਾਲ ਉਠਾਏ ਹਨ। ਬੋਲਟਨ ਨੇ ਟਰੰਪ ਵੱਲੋਂ ਭਾਰਤ ’ਤੇ ਲਗਾਏ ਗਏ ਟੈਰਿਫ ਨੂੰ ਅਣਉਚਿਤ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕਦਮ ਅਮਰੀਕਾ ਦੀ ਸਥਾਈ ਨੀਤੀ ਦਾ ਹਿੱਸ ਨਹੀਂ ਹੈ। ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਟਰੰਪ ਵੱਲੋਂ ਭਾਰਤ ’ਤੇ ਭਾਰੀ ਟੈਕਸ ਲਗਾਇਆ ਜਾਣਾ ਇਕਪਾਸੜ ਅਤੇ ਅਨਿਯਮਤ ਵਤੀਰਾ ਹੈ। ਬੋਲਟਨ ਨੇ ਭਾਰਤ-ਪਾਕਿਸਤਾਨ ਦੀ ਜੰਗ ਰੁਕਵਾਉਣ ਦੇ ਦਾਅਵਿਆਂ ਲਈ ਵੀ ਟਰੰਪ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਤੋਂ ਬਾਅਦ ਜੋ ਜੰਗਬੰਦੀ ਹੋਈ ਉਸ ਦਾ ਸਿਹਰਾ ਟਰੰਪ ਸਿਰ ਸਜਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਇਹਜੰਗਬੰਦੀ ਦੋਵੇਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ ਪੱਧਰ ਦੀ ਆਪਸੀ ਗੱਲਬਾਤ ਨਾਲ ਸੰਭਵ ਹੋਈ ਸੀ। ਉਨ੍ਹਾਂ ਭਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੂੰ ਆਪਣੇ ਕੌਮੀ ਹਿੱਤਾਂ ਮੁਤਾਬਕ ਹੀ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਟਰੰਪ ਦਾ ਰਵੱਈਆ ਪੂਰੇ ਅਮਰੀਕਾ ਦੀ ਸੋਚ ਨੂੰ ਨਹੀਂ ਦਰਸਾਉਂਦਾ ਹੈ। ਸਰਜੀਓ ਗੋਰ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਲਗਾਉਣ ਦੇ ਫੈਸਲੇ ’ਤੇ ਸਖ਼ਤ ਇਤਰਾਜ਼ ਦਾਇਰ ਕਰਦਿਆਂ ਬੋਲਟਨ ਨੇ ਕਿਹਾ ਕਿ ਗੋਰ ਇਸ ਅਹੁਦੇ ਦੇ ਕਾਬਿਲ ਨਹੀਂ ਹਨ। ਬੋਲਟਨ ਨੇ ਟਰੰਪ ਪ੍ਰਸ਼ਾਸਨ ਦੇ ਭਾਰਤ ਪ੍ਰਤੀ ਸਖ਼ਤ ਰਵੱਈਏ ਦੀ ਆਲੋਚਨਾ ਵੀ ਕੀਤੀ ਹੈ। ਖ਼ਾਸ ਤੌਰ ’ਤੇ, ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਦੀ ਭਾਸ਼ਾ ’ਤੇ ਇਤਰਾਜ਼ ਦਾਇਰ ਕੀਤਾ ਹੈ। -ਏਐੱਨਆਈ