ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਸੱਜਰੀ ਬਰਫ਼ਬਾਰੀ
ਸ੍ਰੀਨਗਰ ਵਿਚ ਦਿਨ ਦਾ ਤਾਪਮਾਨ 13 ਡਿਗਰੀ ਤੱਕ ਡਿੱਗਿਆ; ਪ੍ਰਮੁੱਖ ਹਾਈਵੇਅ ਤੇ ਸੜਕਾਂ ਬੰਦ ਹੋਈਆਂ
ਕਸ਼ਮੀਰ ਵਿਚ ਸੱਜਰੀ ਬਰਫ਼ਬਾਰੀ ਨਾਲ ਕਈ ਸੈਲਾਨੀ ਕੇਂਦਰ ਤੇ ਉਚੀਆਂ ਟੀਸੀਆਂ ਬਰਫ਼ ਨਾਲ ਢਕ ਗਈਆਂ ਹਨ ਜਦੋਂਕਿ ਮੈਦਾਨੀ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ। ਬਰਫ਼ਬਾਰੀ ਤੇ ਮੀਂਹ ਨਾਲ ਵਾਦੀ ਵਿਚ ਦਿਨ ਦੇ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਗੁਲਮਰਗ, ਪਹਿਲਗਾਮ, ਸੋਨਮਰਗ, ਅਰੂ ਵਾਦੀ, ਚੰਦਨਵਾੜੀ ਤੇ ਕੋਕਰਨਾਗ ਵਿਚ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਤੇ ਭਾਰੀ ਮੀਂਹ ਕਰਕੇ ਪ੍ਰਮੁੱਖ ਹਾਈਵੇਅ ਤੇ ਸੜਕਾਂ ਬੰਦ ਹੋ ਗਈਆਂ ਹਨ।
ਸ਼ੋਪੀਆਂ ਜ਼ਿਲ੍ਹੇ ਵਿਚ ਮੁਗਲ ਰੋਡ ’ਤੇ ਪੀਰ ਕੀ ਗਲੀ, ਅਤੇ ਸ੍ਰੀਨਗਰ ਲੇਹ ਨੈਸ਼ਨਲ ਹਾਈਵੇਅ ’ਤੇ ਵੀ ਨਵੇਂ ਸਿਰਿਓਂ ਬਰਫ ਪਈ ਹੈ, ਜਿਸ ਕਰਕੇ ਸੜਕਾਂ ਬੰਦ ਹੋ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਜਿਵੇਂ ਅਨੰਤਨਾਗ ਜ਼ਿਲ੍ਹੇ ਵਿਚ ਸਿੰਥਨ ਟੌਪ, ਗੁਲਮਰਗ ਵਿਚ ਆਫ਼ਰਵਾਤ ਤੇ ਗੁਰੇਜ਼ ਵਾਦੀ ਵਿਚ ਰਾਜ਼ਦਾਨ ਵਿਚ ਸੱਜਰੀ ਬਰਫ਼ਬਾਰੀ ਹੋਈ ਹੈ।
ਸ੍ਰੀਨਗਰ ਸ਼ਹਿਰ ਸਣੇ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਵਾਦੀ ਵਿਚ ਦਿਨ ਦਾ ਤਾਪਮਾਨ 13 ਡਿਗਰੀ ਤੱਕ ਡਿੱਗ ਗਿਆ। ਸ੍ਰੀਨਗਰ ਵਿਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 12.5 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਦਿਨਾਂ ਵਿਚ 25.5 ਡਿਗਰੀ ਸੈਲਸੀਅਸ ਰਹਿੰਦਾ ਹੈ।
ਮੌਸਮ ਵਿਭਾਗ ਨੇ ਮੰਗਲਵਾਰ ਦੁਪਹਿਰ ਤੱਕ ਉੱਚੇ ਪਹਾੜੀ ਇਲਾਕਿਆਂ ਵਿਚ ਹਲਕੇ ਤੋਂ ਦਰਮਿਆਨੇ ਮੀਂਹ ਤੇ ਹਲਕੀ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤੋਂ ਬਾਅਦ ਮੌਸਮ ਠੀਕ ਹੋਣ ਦੇ ਆਸਾਰ ਹਨ।