ਕਸ਼ਮੀਰ ਦੇ ਮੈਦਾਨੀ ਤੇ ਉੱਚੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ
ਕਸ਼ਮੀਰ ਦੇ ਮੈਦਾਨੀ ਇਲਾਕਿਆਂ ਸਣੇ ਕਈ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਹੋਈ, ਜਦਕਿ ਵਾਦੀ ਦੇ ਹੋਰ ਹਿੱਸਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਐਤਵਾਰ ਸਵੇਰ ਤੱਕ ਕਈ ਥਾਵਾਂ ’ਤੇ ਰੁਕ-ਰੁਕ ਕੇ ਹਲਕੀ ਬਾਰਸ਼ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ, ਜਦਕਿ ਦੁਪਹਿਰ ਨੂੰ ਮੌਸਮ ’ਚ ਸੁਧਾਰ ਹੋ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਦੇ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਸੈਰ-ਸਪਾਟਾ ਕੇਂਦਰਾਂ ’ਚ ਵੀ ਬਰਫ਼ਬਾਰੀ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਖ਼ਰੀ ਰਿਪੋਰਟਾਂ ਤੱਕ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼, ਕੁਪਵਾੜਾ ਦੇ ਕੁਝ ਇਲਾਕਿਆਂ ਤੇ ਵਾਦੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਜਾਰੀ ਸੀ। ਇਸੇ ਤਰ੍ਹਾਂ ਕਸ਼ਮੀਰ ਦੇ ਬਾਕੀ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। -ਪੀਟੀਆਈ
ਹਿਮਾਚਲ ਦੇ ਉੱਚੇ ਇਲਾਕਿਆਂ ’ਚ ਬਰਫ਼ੀਲੇ ਤੂਫਾਨ ਦੀ ਚਿਤਾਵਨੀ
ਸ਼ਿਮਲਾ: ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਕੁਝ ਉੱਚੇ ਇਲਾਕਿਆਂ ਵਿੱਚ ਬਰਫੀਲਾ ਤੂਫਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸੇ ਤਰ੍ਹਾਂ ਮੰਗਲਵਾਰ ਨੂੰ ਛੱਡ ਕੇ ਵੀਰਵਾਰ ਤੱਕ ਸੂਬੇ ’ਚ ਮੀਂਹ ਪੈਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਚੰਡੀਗੜ੍ਹ ਦੇ ਡਿਫੈਂਸ ਜੀਓਇਨਫਾਰਮੈਟਿਕਸ ਰਿਸਰਚ ਐਸਟੈਬਲਿਸ਼ਮੈਂਟ ਨੇ ਅਗਲੇ 24 ਘੰਟਿਆਂ ਵਿੱਚ ਚੰਬਾ, ਕੁੱਲੂ, ਕਿਨੌਰ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਬਰਫੀਲੇ ਤੂਫਾਨ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕੁਝ ਹਿੱਸਿਆਂ ਵਿੱਚ ਸ਼ੁੱਕਰਵਾਰ ਸ਼ਾਮ ਤੋਂ ਹਲਕੀ ਬਰਫ਼ਬਾਰੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਗੋਂਡਲਾ ਵਿੱਚ 8 ਸੈਂਟੀਮੀਟਰ, ਕੁਕੁਮਸੇਰੀ ਵਿੱਚ 4.2 ਸੈਂਟੀਮੀਟਰ ਅਤੇ ਕਲਪਾ ਵਿੱਚ 2 ਸੈਂਟੀਮੀਟਰ ਬਰਫਬਾਰੀ ਹੋਈ। ਬਰਫਬਾਰੀ ਕਾਰਨ 26 ਫਰਵਰੀ ਤੋਂ ਚੰਬਾ ਜ਼ਿਲ੍ਹੇ ਦੀ ਪਾਂਗੀ ਵਾਦੀ ਦੇ ਆਦਿਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਲਈ ਵੀ ਮੁਸ਼ਕਲ ਆ ਰਹੀ ਹੈ। -ਪੀਟੀਆਈ