DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੰਕੀ ਲਾ ਕੇ ਨਰਕ ਭੋਗਦਿਆਂ ਅਮਰੀਕਾ ਪੁੱਜੇ ਸਮਾਣਾ ਦੇ ਚਾਰ ਨੌਜਵਾਨ

60-60 ਲੱਖ ਰੁਪਏ ਖਰਚ ਕੇ ਅਮਰੀਕਾ ਪਹੁੰਚੇ
  • fb
  • twitter
  • whatsapp
  • whatsapp
Advertisement

ਅਮਨ ਸੂਦ

ਪਟਿਆਲਾ, 27 ਅਗਸਤ

Advertisement

‘‘ਕਈ ਦਿਨਾਂ ਤੱਕ ਭੁੱਖੇ ਭਾਣੇ ਰਹਿਣਾ ਪਿਆ। ਇਕ ਵਾਰ ਤਾਂ ਸਿਰਫ ਬਿਸਕੁਟਾਂ ਦੇ ਸਿਰ ’ਤੇ ਹਫ਼ਤਾ ਕੱਢਿਆ। ਰਾਹ ਵਿਚ ਉਨ੍ਹਾਂ ਦੇ ਫੋਨ ਤੇ ਬੂਟ ਖੋਹ ਲਏ ਗਏ। ਉਨ੍ਹਾਂ ਨੂੰ ਨੰਗੇ ਪੈਰੀਂ ਤੁਰਨਾ ਪਿਆ। ਬਿਨਾਂ ਪੱਖੇ ਤੇ ਖਿੜਕੀ ਵਾਲੇ ਕਮਰੇ ’ਚ ਸੌਣ ਲਈ ਮਜਬੂਰ ਹੋਏ।’’ ਇਹ ਹੱਡਬੀਤੀ ਸਮਾਣਾ ਦੇ ਉਨ੍ਹਾਂ ਚਾਰ ਨੌਜਵਾਨਾਂ ਦੀ ਹੈ, ਜਿਨ੍ਹਾਂ ਨੇ ਅਮਰੀਕਾ ਪਹੁੰਚਣ ਲਈ ‘ਡੰਕੀ’ ਲਾਈ ਸੀ। ਸਪੇਨ ਵਿਚ ਲਾਵਾਰਿਸ ਛੱਡੇ ਇਹ ਚਾਰ ਨੌਜਵਾਨ ਅਖੀਰ ਇਕ ਦੂਜੇ ਏਜੰਟ ਨੂੰ ਪੈਸੇ ਦੇ ਕੇ ਅਮਰੀਕਾ ਪੁੱਜੇ। ਇਨ੍ਹਾਂ ਨੌਜਵਾਨਾਂ ਨੂੰ 25-25 ਲੱਖ ਰੁਪਏ ਵਾਧੂ ਖਰਚ ਕਰਨੇ ਪਏ ਜਦੋਂਕਿ ਪਹਿਲੇ ਏਜੰਟ ਨੂੰ 35-35 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਇਹ ਚਾਰ ਨੌਜਵਾਨ ਉਨ੍ਹਾਂ 10 ਲੋਕਾਂ ਵਿਚ ਸ਼ਾਮਲ ਸਨ, ਜੋ ‘ਡੰਕੀ ਰੂਟ’ ਰਾਹੀਂ ਅਮਰੀਕਾ ਪਹੁੰਚਣ ਦੇ ਜੁਗਾੜ ਵਿਚ ਸਨ।

ਪੰਜਾਬੀ ਨੌਜਵਾਨਾਂ ਨੂੰ ‘ਡੰਕੀ’ ਜਾਂ ਫਿਰ ਕਿਸੇ ਹੋਰ ਗੈਰਕਾਨੂੰਨੀ ਢੰਗ-ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੰਦਿਆਂ ਇਨ੍ਹਾਂ ਨੌਜਵਾਨਾਂ ਨੇ ਆਪਣੀ ਹੱਡਬੀਤੀ ਸੁਣਾਈ। ਉਨ੍ਹਾਂ ਕਿਹਾ, ‘‘ਸਾਡੇ ਕੋਲ ਨਾ ਕੱਪੜੇ ਸੀ, ਨਾ ਖਾਣਾ ਤੇ ਨਾ ਹੀ ਬਿਜਲੀ। ਹਰ ਦੋ ਦਿਨਾਂ ਬਾਅਦ ਸਾਨੂੰ ਦੱਸਿਆ ਜਾਂਦਾ ਸੀ ਕਿ ਵੀਜ਼ਾ ਪਰਮਿਟ ਵਿਚ ਦੇਰੀ ਹੋ ਰਹੀ ਹੈ।’’ ਉਧਰ ਪੁਲੀਸ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ- ਗਗਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਜੁਗਰਾਜ ਸਿੰਘ ਤੇ ਗੁਰਵਿੰਦਰ ਸਿੰਘ ਦੇ ਮਾਪਿਆਂ (ਸ਼ਿਕਾਇਤਕਰਤਾ) ਨੇ ਸਮਾਣਾ ਸਥਿਤ ਟਰੈਵਲ ਏਜੰਟ ਨਾਲ ਰਾਬਤਾ ਕੀਤਾ ਸੀ। ਏਜੰਟ ਨੇ ਭਰੋਸਾ ਦਿੱਤਾ ਸੀ ਕਿ ਉਹ ਚਾਰਾਂ ਲਈ ਅਮਰੀਕਾ ਵਿਚ ਵਰਕ ਵੀਜ਼ਾ ਯਕੀਨੀ ਬਣਾਏਗਾ। ਮਾਪਿਆਂ ਨੇ ਪੁਲੀਸ ਨੂੰ ਦੱਸਿਆ, ‘‘ਮੁਲਜ਼ਮ ਨੇ ਕਿਹਾ ਕਿ ਉਹ ਚਾਰਾਂ ਨੂੰ 35-35 ਲੱਖ ਰੁਪਏ ਲੈ ਕੇ ਦੋ ਮਹੀਨਿਆਂ ਅੰਦਰ ਅਮਰੀਕਾ ਭੇਜ ਦੇੇਵੇਗਾ। ਅਸੀਂ ਫਰਵਰੀ 2023 ਵਿਚ ਮੁਲਜ਼ਮ ਨੂੰ ਦੋ ਲੱਖ ਰੁਪਏ ਤੇ ਪਾਸਪੋਰਟ ਦਿੱਤੇ।’’ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਵਸਾਉਣ ਲਈ ਜ਼ਮੀਨ ਤੇ ਗਹਿਣੇ ਤੱਕ ਵੇਚ ਦਿੱਤੇ। ਏਜੰਟ ਨੇ ਨੌਜਵਾਨਾਂ ਦੇ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਕਰਨ ਦਾ ਵੀ ਭਰੋੋੋਸਾ ਦਿੱਤਾ। ਬੜੀ ਮੁਸ਼ਕਲ ਨਾਲ ਇਕ ਫੋਨ ਦਾ ਪ੍ਰਬੰਧ ਹੋ ਸਕਿਆ ਤੇ ਕਰੀਬ ਇਕ ਮਹੀਨੇ ਬਾਅਦ ਨੌਜਵਾਨਾਂ ਨੇ ਮਾਪਿਆਂ ਨਾਲ ਗੱਲ ਕੀਤੀ ਤਾਂ ਹਕੀਕਤ ਪਤਾ ਲੱਗੀ।

ਅਜਿਹੇ ਏਜੰਟਾਂ ਨੂੰ ਛੱਡਾਂਗੇ ਨਹੀਂ: ਐੱਸਐੱਸਪੀ

ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਨੇ ਕਿਹਾ ਕਿ ਮਨੁੱਖੀ ਤਸਕਰੀ ਵਿਚ ਸ਼ਾਮਲ ਕਿਸੇ ਵੀ ਏਜੰਟ ਨੂੰ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੀ ਅਸਲ ਹਾਲਤ ਬਾਰੇ ਪਤਾ ਲੱਗਦੇ ਹੀ ਮਾਪਿਆਂ ਨੇ ਮੁਲਜ਼ਮ ਏਜੰਟ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਮਿਲਣ ਤੋਂ ਨਾਂਹ ਕਰ ਦਿੱਤੀ। ਇਸ ਮਗਰੋਂ ਮਾਪੇ ਦੂਜੇ ਏਜੰਟ ਨੂੰ ਮਿਲੇ, ਜਿਸ ਨੇ ਅਮਰੀਕਾ ਵਿਚ ਵਰਕ ਵੀਜ਼ੇ ਲਈ ਪ੍ਰਤੀ ਨੌਜਵਾਨ 25 ਲੱਖ ਰੁਪਏ ਮੰਗੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਤਾ ਲੱਗੇਗਾ ਕਿ ਕਿੰਨੇ ਲੋਕਾਂ ਨੂੰ ‘ਡੰਕੀ ਰੂਟ’ ਰਾਹੀਂ ਭੇਜਿਆ ਗਿਆ ਹੈ।

Advertisement
×