ਮਨੀਪੁਰ ਦੇ ਤਿੰਨ ਜ਼ਿਲ੍ਹਿਆਂ ’ਚੋਂ ਚਾਰ ਅਤਿਵਾਦੀ ਗ੍ਰਿਫ਼ਤਾਰ
ਸੁਰੱਖਿਆ ਬਲਾਂ ਨੇ ਮਨੀਪੁਰ ਦੇ ਇੰਫਾਲ ਪੂਰਬੀ, ਇੰਫਾਲ ਪੱਛਮੀ ਅਤੇ ਥੌਬਲ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਪਾਬੰਦੀਸ਼ੁਦਾ ਗੁਟਾਂ ਨਾਲ ਸਬੰਧਤ ਦੇ ਚਾਰ ਅਤਿਵਾਦੀਆਂ, ਜੋ ਜਬਰੀ ਵਸੂਲੀ ਅਤੇ ਨਵੇਂ ਕਾਡਰ ਦੀ ਭਰਤੀ ’ਚ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਨ੍ਹਾਂ ਚਾਰਾਂ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੁਰੱਖਿਆ ਬਲਾਂ ਨੇ ਥੌਬਲ ਜ਼ਿਲ੍ਹੇ ’ਚ ਲੇਈਰੌਂਗਥੇਲ ਪਿਤਰਾ ਤੋਂ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਡਬਲਿਊਜੀ) ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਇਹ ਵਿਅਕਤੀ ਥੌਬਲ ਜ਼ਿਲ੍ਹੇ ’ਚ ਕਥਿਤ ਜਬਰੀ ਵਸੁੂਲੀ ’ਚ ਸ਼ਾਮਲ ਸੀ। ਉਸ ਕੋਲੋਂ ਇੱਕ ਪਿਸਤੌਲ ਤੇ ਗੋਲੀਸਿੱਕਾ ਬਰਾਮਦ ਹੋਇਆ ਹੈ।
ਇਸ ਤੋਂ ਇਲਾਵਾ ਪਾਬੰਦੀਸ਼ੁਦਾ ਕਾਂਗਲੇਈ ਯਾਵੌਲ ਕੰਨਾ ਲੂਪ ਦੇ ਇੱਕ ਮੈਂਬਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਖਾਬੇਈਸੋਈ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਉੱਤੇ ਸੰਗਠਨ ਲਈ ਨਵੇਂ ਕਾਰਕੁਨਾਂ ਦੀ ਭਰਤੀ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਪੁਲੀਸ ਅਨੁਸਾਰ ਸੁਰੱਖਿਆ ਬਲਾਂ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਖੁੰਬੋਂਗ ਤੋਂ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ (ਪਮਬੇਈ) ਦੇ ਇੱਕ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ, ਜਿਸ ’ਤੇ ਖੁੰਬੋਂਗ ਬਾਜ਼ਾਰ ’ਚ ਐੱਨਐੱਚ-37 ਉੱਤੇ ਚੱਲਣ ਵਾਲੇ ਟਰੱਕਾਂ ਤੋਂ ਜਬਰੀ ਵਸੁੂਲੀ ਕਰਨ ਦਾ ਦੋਸ਼ ਹੈ। ਪੁਲੀਸ ਨੇ ਦੱਸਿਆ ਕਿ ਜਬਰੀ ਵਸੂਲੀ ’ਚ ਸ਼ਾਮਲ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇੱਕ ਕਾਰਕੁਨ ਨੂੰ ਥੌਬਲ ਜ਼ਿਲ੍ਹੇ ਦੇ ਵਾਂਗਜਿੰਗ ਸੋਰੇਖੈਬਮ ਲੇਈਰਾਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸੇ ਦੌਰਾਨ ਪੁਲੀਸ ਨੇ ਕਿਹਾ ਕਿ ਬਿਸ਼ਨੂਪੁਰ ਜ਼ਿਲ੍ਹੇ ਦੇ ਕੁੰਭੀ ਸੇਤੂਪੁਰ ’ਚ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਗਿਣਤੀ ’ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ, ਜਿਸ ਵਿੱਚ ਦੋ ਐੱਸਐੱਮਜੀ ਕਾਰਬਾਈਨਾਂ, ਇੱਕ ਸੀਐੱਮਜੀ, ਇੱਕ ਪਿਸਤੌਲ ਤੇ ਪੰਜ ਪੀਈਕੇ ਧਮਾਕਾਖੇਜ਼ ਆਦਿ ਸ਼ਾਮਲ ਹਨ। -ਪੀਟੀਆਈ