ਰਾਜਸਥਾਨ ਵਿਚ ਸਕੂਲ ਦੀ ਛੱਤ ਡਿੱਗਣ ਨਾਲ ਸੱਤ ਵਿਦਿਆਰਥੀਆਂ ਦੀ ਮੌਤ, 27 ਜ਼ਖ਼ਮੀ
ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿਚ ਸ਼ੁੱਕਰਵਾਰ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ 7 ਬੱਚਿਆਂ ਦੀ ਮੌਤ ਹੋ ਗਈ ਤੇ 27 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਹਾਦਸਾ ਜ਼ਿਲ੍ਹੇ ਦੇ ਮਨੋਹਰਥਾਣਾ ਬਲਾਕ ਵਿਚ ਪੈਂਦੇ ਪਿਪਲੋਦੀ ਸਰਕਾਰੀ ਸਕੂਲ ਵਿਚ ਹੋਇਆ ਤੇ ਉਸ ਮੌਕੇ ਬੱਚੇ ਜਮਾਤਾਂ ਵਿਚ ਮੌਜੂਦ ਸਨ। ਮਨੋਹਰਥਾਣਾ ਦੇ ਐੱਸਐੱਚਓ ਨੰਦ ਕਿਸ਼ੋਰ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਪਾਇਲ (12), ਹਰੀਸ਼ (8), ਪ੍ਰਿਯੰਕਾ (12), ਕੁੰਦਨ (12), ਕਾਰਤਿਕ ਅਤੇ ਭਰਾ ਅਤੇ ਭੈਣ - ਮੀਨਾ (12) ਤੇ ਕਾਨਹਾ (6) ਵਜੋਂ ਹੋਈ ਹੈ। ਹਾਦਸੇ ਮੌਕੇ ਸਕੂਲ ਦੀ ਇਮਾਰਤ ਵਿਚ 35 ਵਿਦਿਆਰਥੀ ਮੌਜੂਦ ਸਨ। ਮ੍ਰਿਤਕਾਂ ਵਿਚ ਸਭ ਤੋਂ ਛੋਟਾ ਸਿਰਫ਼ ਛੇ ਸਾਲਾਂ ਦਾ ਸੀ। ਰਾਜਸਥਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਦਾ ਖੁਦ ਨੋਟਿਸ ਲੈਂਦਿਆਂ ਸਥਾਨਕ ਪ੍ਰਸ਼ਾਸਨ ਅਤੇ ਪੁਲੀਸ ਨੂੰ ਨੋਟਿਸ ਜਾਰੀ ਕੀਤੇ ਹਨ। ਕਮਿਸ਼ਨ ਨੇ ਤੱਥਾਂ ’ਤੇ ਆਧਾਰਿਤ ਰਿਪੋਰਟਾਂ, ਦੋਸ਼ੀ ਵਿਅਕਤੀਆਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
#Jhalawar #मनोहरथाना: विद्यालय भवन की छत गिरी, बेहद दुःखद घटना, करीब 60 से अधिक बच्चे दबे ,JCB की मदद से मलबा हटाने का कार्य जारी, घायल बच्चों को मनोहरथाना CHC लाया जा रहा, राजकीय उच्च प्राथमिक विद्यालय पीपलोदी का मामला @JhalawarPolice @DmJhalawar @madandilawar @BhajanlalBjp pic.twitter.com/kINNZtNmSM
— Rajkamal Meena (बिनौरी) (@RKmeena31895) July 25, 2025
ਝਾਲਾਵਾੜ ਦੇ ਐੱਸਪੀ ਅਮਿਤ ਕੁਮਾਰ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘7 ਬੱਚਿਆਂ ਦੀ ਮੌਤ ਹੋ ਗਈ ਤੇ 28 ਹੋਰ ਜ਼ਖ਼ਮੀ ਹੋ ਗਏ। ਦਸ ਬੱਚਿਆਂ ਨੂੰ ਝਲਾਵਾੜ ਰੈਫਰ ਕੀਤਾ ਗਿਆ ਹੈ ਤੇ ਇਨ੍ਹਾਂ ਵਿਚੋਂ ਤਿੰਨ ਚਾਰ ਬੱਚਿਆਂ ਦੀ ਹਾਲਤ ਨਾਜ਼ੁਕ ਹੈ।’’ ਪੁਲੀਸ ਨੇ ਕਿਹਾ ਕਿ ਅਧਿਆਪਕਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਮਲਬੇ ਹੇਠੋਂ ਕੱਢਿਆ ਗਿਆ।
ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਵਿੱਚ ਹੋਏ ਜਾਨੀ ਨੁਕਸਾਨ ’ਤੇ ਦੁੱਖ ਜਤਾਇਆ ਹੈ।
ਸ੍ਰੀ ਮੋਦੀ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਰਾਜਸਥਾਨ ਦੇ ਝਾਲਾਵਾੜ ਵਿੱਚ ਇੱਕ ਸਕੂਲ ਵਿੱਚ ਵਾਪਰੀ ਘਟਨਾ ਬਹੁਤ ਦੁਖਦਾਈ ਹੈ। ਇਸ ਮੁਸ਼ਕਲ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਪੀੜਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।’’ ਉਨ੍ਹਾਂ ਕਿਹਾ, ‘‘ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰ ਰਿਹਾ ਹਾਂ। ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।’’
ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਉਂਦੇ ਹੋਏ ਕਿਹਾ, ‘‘ਸਬੰਧਤ ਅਧਿਕਾਰੀਆਂ ਨੂੰ ਜ਼ਖਮੀ ਬੱਚਿਆਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਰਮਾਤਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਦੁਖੀ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ।’’
ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚਣ ਅਤੇ ਬੱਚਿਆਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।