ਆਰਬੀਆਈ ਦੇ ਸਾਬਕਾ ਗਵਰਨਰ ਉਰਜਿਤ ਪਟੇਲ IMF ਦੇ ਕਾਰਜਕਾਰੀ ਨਿਰਦੇਸ਼ਕ ਨਿਯੁਕਤ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਅਤੇ ਅਰਥਸ਼ਾਸਤਰੀ ਊਰਜਿਤ ਪਟੇਲ ਨੂੰ ਕੌਮੀ ਮੁਦਰਾ ਫੰਡ (ਆਈਐੱਮਐੱਫ) ਵਿੱਚ ਕਾਰਜਕਾਰੀ ਨਿਰਦੇਸ਼ਕ (ਈ.ਡੀ.) ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਵੱਲੋਂ ਤਿੰਨ ਸਾਲਾਂ ਦੀ ਮਿਆਦ ਲਈ ਮਨਜ਼ੂਰ ਕੀਤੀ ਗਈ ਹੈ।
ਇਸ ਨਵੀਂ ਭੂਮਿਕਾ ਵਿੱਚ ਪਟੇਲ ਆਈਐੱਮਐੱਫ ਦੇ ਕਾਰਜਕਾਰੀ ਬੋਰਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਹ ਬੋਰਡ ਸੰਸਥਾ ਦੇ ਰੋਜ਼ਾਨਾ ਕੰਮਕਾਜ ਅਤੇ ਮੁੱਖ ਨੀਤੀਗਤ ਫੈਸਲਿਆਂ ਦੀ ਨਿਗਰਾਨੀ ਕਰਦਾ ਹੈ। ਪਟੇਲ ਨੇ 2016 ਤੋਂ 2018 ਤੱਕ ਆਰਬੀਆਈ ਦੇ ਗਵਰਨਰ ਵਜੋਂ ਸੇਵਾਵਾਂ ਦਿੱਤੀਆਂ ਸਨ ਅਤੇ ਉਹ 1990 ਤੋਂ ਬਾਅਦ ਆਪਣੇ ਕਾਰਜਕਾਲ ਤੋਂ ਪਹਿਲਾਂ ਅਸਤੀਫਾ ਦੇਣ ਵਾਲੇ ਪਹਿਲੇ ਗਵਰਨਰ ਸਨ।
ਇਹ ਆਈਐੱਮਐੱਫ ਵਿੱਚ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ। ਇਸ ਤੋਂ ਪਹਿਲਾਂ 1996-1997 ਦੌਰਾਨ ਉਹ ਆਈਐੱਮਐੱਫ ਤੋਂ ਆਰਬੀਆਈ ਵਿੱਚ ਡੈਪੂਟੇਸ਼ਨ ’ਤੇ ਸਨ। ਉਨ੍ਹਾਂ ਨੇ 1998 ਤੋਂ 2001 ਤੱਕ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਵੀ ਸਲਾਹਕਾਰ ਵਜੋਂ ਕੰਮ ਕੀਤਾ ਸੀ।