DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦੇਹਾਂਤ, ਸੂਬੇ ’ਚ ਤਿੰਨ ਦਿਨਾ ਰਾਜਕੀ ਸੋਗ ਦਾ ਐਲਾਨ

ਪਿਛਲੇ ਕੁਝ ਸਮੇਂ ਤੋਂ ਵੈਂਟੀਲੇਟਰ ਉੱਤੇ ਸਨ ਸ਼ਿਬੂ ਸੋਰੇਨ; ਤਿੰਨ ਵਾਰ ਝਾਰਖੰਡ ਦੇ ਮੁੱਖ ਮੰਤਰੀ ਤੇ ਸੱਤ ਵਾਰ ਐੱਮਪੀ ਰਹੇ; ਮੁਰਮੂ, ਮੋਦੀ, ਸ਼ਾਹ, ਰਾਹੁਲ ਤੇ ਹੋਰਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ
  • fb
  • twitter
  • whatsapp
  • whatsapp
Advertisement

ਝਾਰਖੰਡ ਮੁਕਤੀ ਮੋਰਚਾ (JMM) ਦੇ ਸੁਪਰੀਮੋ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ(81) ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਐਕਸ ’ਤੇ ਇਕ ਪੋਸਟ ਵਿਚ ਆਪਣੇ ਪਿਤਾ ਦੇ ਦੇਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਝਾਰਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦੇ ਸਨਮਾਨ ਵਿੱਚ ਤਿੰਨ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਇਸ ਸਮੇਂ ਦੌਰਾਨ ਆਪਣੇ ਸਾਰੇ ਨਿਰਧਾਰਤ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ। ਉਧਰ ਝਾਰਖੰਡ ਅਸੈਂਬਲੀ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅਸੈਂਬਲੀ ਦਾ ਪੰਜ ਦਿਨਾ ਮੌਨਸੂਨ ਸੈਸ਼ਨ ਇਕ ਅਗਸਤ ਤੋਂ ਸ਼ੁਰੂ ਹੋਇਆ ਸੀ। ਇਕ ਬਿਆਨ ਮੁਤਾਬਕ ਸਾਰੇ ਰਾਜ ਸਰਕਾਰੀ ਦਫ਼ਤਰ 4 ਅਤੇ 5 ਅਗਸਤ ਨੂੰ ਬੰਦ ਰਹਿਣਗੇ। ਇਸ ਦੌਰਾਨ ਝਾਰਖੰਡ ਦੀਆਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਣੇ ਹੋਰਨਾਂ ਸਿਆਸੀ ਹਸਤੀਆਂ ਨੇ ਸ਼ਿਬੂ ਸੋਰੇਨ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਹੈ।

Advertisement

ਉਹ ਪਿਛਲੇ ਕੁਝ ਸਮੇਂ ਤੋਂ ਵੈਂਟੀਲੇਟਰ ਸਪੋਰਟ 'ਤੇ ਸਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਸੀ। ਉਨ੍ਹਾਂ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਦਿੱਲੀ ਦੇ ਸ੍ਰੀ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜੂਨ ਦੇ ਆਖਰੀ ਹਫ਼ਤੇ ਗੁਰਦੇ ਨਾਲ ਸਬੰਧਤ ਸਮੱਸਿਆ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹੇਮੰਤ ਸੋਰੇਨ ਨੇ ਇਕ ਪੋਸਟ ਵਿਚ ਕਿਹਾ, ‘‘ਸਤਿਕਾਰਯੋਗ ਦਿਸ਼ਾਮ ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਹਨ... ਮੈਂ ਅੱਜ 'ਸ਼ੂਨਿਆ' (ਜ਼ੀਰੋ) ਹੋ ਗਿਆ ਹਾਂ।’’

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਦੁੱਖ ਦਾ ਇਜ਼ਹਾਰ ਕਰਦਿਆਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸ਼ਿਬੂ ਸੋਰੇਨ ਜੀ ਦਾ ਦੇਹਾਂਤ ਸਮਾਜਿਕ ਨਿਆਂ ਦੇ ਖੇਤਰ ਵਿੱਚ ਇੱਕ ਵੱਡਾ ਘਾਟਾ ਹੈ। ਉਨ੍ਹਾਂ ਨੇ ਕਬਾਇਲੀ ਪਛਾਣ ਅਤੇ ਝਾਰਖੰਡ ਰਾਜ ਦੇ ਗਠਨ ਦੇ ਕਾਰਜ ਨੂੰ ਅੱਗੇ ਵਧਾਇਆ। ਜ਼ਮੀਨੀ ਪੱਧਰ ’ਤੇ ਆਪਣੇ ਕੰਮ ਤੋਂ ਇਲਾਵਾ, ਉਨ੍ਹਾਂ ਨੇ ਝਾਰਖੰਡ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਵਜੋਂ ਵੀ ਯੋਗਦਾਨ ਪਾਇਆ। ਲੋਕਾਂ, ਖਾਸ ਕਰਕੇ ਆਦਿਵਾਸੀ ਭਾਈਚਾਰਿਆਂ ਦੀ ਭਲਾਈ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੈਂ ਉਨ੍ਹਾਂ ਦੇ ਪੁੱਤਰ ਅਤੇ ਝਾਰਖੰਡ ਦੇ ਮੁੱਖ ਮੰਤਰੀ ਸ੍ਰੀ ਹੇਮੰਤ ਸੋਰੇਨ ਜੀ, ਹੋਰ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ।’’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸ੍ਰੀ ਸ਼ਿਬੂ ਸੋਰੇਨ ਜੀ ਇੱਕ ਜ਼ਮੀਨੀ ਪੱਧਰ ਦੇ ਨੇਤਾ ਸਨ ਜੋ ਲੋਕਾਂ ਪ੍ਰਤੀ ਅਟੁੱਟ ਸਮਰਪਣ ਨਾਲ ਜਨਤਕ ਜੀਵਨ ਦੇ ਵੱਖ-ਵੱਖ ਪੱਧਰਾਂ 'ਤੇ ਉੱਭਰੇ। ਉਹ ਖਾਸ ਤੌਰ ’ਤੇ ਆਦਿਵਾਸੀ ਭਾਈਚਾਰਿਆਂ, ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਭਾਵੁਕ ਸਨ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਮੇਰੀਆਂ ਭਾਵਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਨ। ਝਾਰਖੰਡ ਦੇ ਮੁੱਖ ਮੰਤਰੀ ਸ੍ਰੀ ਹੇਮੰਤ ਸੋਰੇਨ ਜੀ ਨਾਲ ਗੱਲ ਕੀਤੀ ਅਤੇ ਸੰਵੇਦਨਾ ਪ੍ਰਗਟ ਕੀਤੀ। ਓਮ ਸ਼ਾਂਤੀ।’’

ਕਾਂਗਰਸ ਆਗੂ  ਰਾਹੁਲ ਗਾਂਧੀ ਨੇ ਵੀ ਸ਼ਿਬੂ ਸੋਰੇਨ ਦੇ ਦੇਹਾਂਤ ’ਤੇ ਸੰਵੇਦਨਾਵਾਂ ਜ਼ਾਹਿਰ ਕਰਦਿਆਂ ਕਿਹਾ, ‘‘ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਜੇਐਮਐਮ ਨੇਤਾ ਸ਼ਿਬੂ ਸੋਰੇਨ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਆਦਿਵਾਸੀ ਸਮਾਜ ਦੀ ਇੱਕ ਮਜ਼ਬੂਤ ਆਵਾਜ਼, ਸੋਰੇਨ ਜੀ ਨੇ ਆਪਣੀ ਸਾਰੀ ਜ਼ਿੰਦਗੀ ਉਨ੍ਹਾਂ ਦੇ ਅਧਿਕਾਰਾਂ ਅਤੇ ਹਿੱਤਾਂ ਲਈ ਲੜਾਈ ਲੜੀ। ਝਾਰਖੰਡ ਦੀ ਸਿਰਜਣਾ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’’

ਸ਼ਿਬੂ ਦਾ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਨਿਯਮਤ ਇਲਾਜ ਚੱਲ ਰਿਹਾ ਸੀ। ਸ਼ਿਬੂ ਸੋਰੇਨ ਨਾਲ ਤਿੰਨ ਵਾਰ ਮੁੱਖ ਮੰਤਰੀ ਤੇ ਸੱਤ ਵਾਰ ਸੰਸਦ ਮੈਂਬਰ ਰਹੇ ਹਨ। ਸ਼ਿਬੂ ਸੋਰੇਨ ਪਿਛਲੇ 38 ਸਾਲਾਂ ਤੋਂ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਸਨ ਅਤੇ ਉਨ੍ਹਾਂ ਨੂੰ ਪਾਰਟੀ ਦੇ ਬਾਨੀ ਸਰਪ੍ਰਸਤ ਵਜੋਂ ਜਾਣਿਆ ਜਾਂਦਾ ਹੈ।

ਸ਼ਿਬੂ ਸੋਰੇਨ ਦਾ ਜਨਮ 11 ਜਨਵਰੀ, 1944 ਨੂੰ ਨੇਮਰਾ ਪਿੰਡ (ਹੁਣ ਝਾਰਖੰਡ ਵਿੱਚ) ਵਿੱਚ ਹੋਇਆ। ਉਹ ਸਾਧਾਰਨ ਕਬਾਇਲੀ ਜੜ੍ਹਾਂ ਤੋਂ ਉੱਠ ਕੇ ਪੂਰਬੀ ਭਾਰਤ ਵਿੱਚ ਵੱਡੀ ਸਿਆਸੀ ਹਸਤੀ ਬਣੇ। ਉਨ੍ਹਾਂ ਨੇ 1972 ਵਿੱਚ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੀ ਸਥਾਪਨਾ ਕੀਤੀ ਅਤੇ ਸੰਥਾਲ ਕਬਾਇਲੀ ਭਾਈਚਾਰੇ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਦੇ ਹੋਏ, ਇੱਕ ਵੱਖਰੇ ਝਾਰਖੰਡ ਰਾਜ ਲਈ ਦਹਾਕਿਆਂ ਤੱਕ ਚੱਲੇ ਅੰਦੋਲਨ ਦੀ ਅਗਵਾਈ ਕੀਤੀ।

ਸੋਰੇਨ ਨੇ ਤਿੰਨ ਵਾਰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ - 2005 ਵਿੱਚ ਸੰਖੇਪ ਵਿੱਚ, ਅਤੇ ਫਿਰ 2008-09 ਅਤੇ 2009-10 ਵਿੱਚ। ਉਹ ਦੁਮਕਾ ਤੋਂ ਕਈ ਵਾਰ ਸੰਸਦ ਮੈਂਬਰ ਵੀ ਰਹੇ, ਰਾਜ ਸਭਾ ਵਿੱਚ ਸੇਵਾ ਨਿਭਾਈ, ਅਤੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਕੇਂਦਰੀ ਕੋਲਾ ਮੰਤਰੀ ਦਾ ਅਹੁਦਾ ਸੰਭਾਲਿਆ।

ਸੋਰੇਨ ਪਹਿਲੀ ਵਾਰ 1977 ਵਿੱਚ ਅਸਫਲ ਚੋਣ ਤੋਂ ਬਾਅਦ 1980 ਵਿੱਚ ਦੁਮਕਾ ਤੋਂ ਲੋਕ ਸਭਾ ਲਈ ਚੁਣੇ ਗਏ ਸਨ।

ਉਨ੍ਹਾਂ ਨੇ ਸੰਸਦ ਵਿੱਚ ਕਈ ਵਾਰ ਸੇਵਾ ਕੀਤੀ ਅਤੇ ਯੂਪੀਏ ਸਰਕਾਰ ਦੌਰਾਨ 2004 ਵਿੱਚ ਕੇਂਦਰੀ ਕੋਲਾ ਮੰਤਰੀ ਬਣੇ। ਹਾਲਾਂਕਿ ਉਨ੍ਹਾਂ ਦਾ ਮੰਤਰੀ ਕਾਰਜਕਾਲ ਉਦੋਂ ਛੋਟਾ ਕਰ ਦਿੱਤਾ ਗਿਆ ਜਦੋਂ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ। ਉਹ ਜ਼ਮਾਨਤ ਮਿਲਣ ਤੋਂ ਬਾਅਦ ਉਸੇ ਸਾਲ ਦੇ ਅੰਤ ਵਿੱਚ ਕੈਬਨਿਟ ਵਿੱਚ ਥੋੜ੍ਹੇ ਸਮੇਂ ਲਈ ਵਾਪਸ ਆਏ।

2005 ਵਿੱਚ, ਸ਼ਿਬੂ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਬਣੇ, ਪਰ ਉਨ੍ਹਾਂ ਦੀ ਸਰਕਾਰ ਆਪਣਾ ਬਹੁਮਤ ਸਾਬਤ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਸਿਰਫ਼ ਨੌਂ ਦਿਨ ਹੀ ਚੱਲੀ। ਉਹ 2008 ਅਤੇ 2009 ਵਿੱਚ ਦੁਬਾਰਾ ਮੁੱਖ ਮੰਤਰੀ ਵਜੋਂ ਵਾਪਸ ਆਏ।

ਸੋਰੇਨ ਦੇ ਜੀਵਨ ਦਾ ਸਭ ਤੋਂ ਕਾਲਾ ਅਧਿਆਏ 2006 ਵਿੱਚ ਆਇਆ, ਜਦੋਂ ਉਨ੍ਹਾਂ ਨੂੰ ਆਪਣੇ ਸਾਬਕਾ ਸਕੱਤਰ ਸ਼ਸ਼ੀਨਾਥ ਝਾਅ ਦੇ ਅਗਵਾ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਹ ਮਾਮਲਾ ਨਰਸਿਮਹਾ ਰਾਓ ਸਰਕਾਰ ਨੂੰ ਬਚਾਉਣ ਲਈ 1993 ਦੇ ਕਥਿਤ ਜੇਐਮਐਮ ਰਿਸ਼ਵਤਖੋਰੀ ਘੁਟਾਲੇ ਨਾਲ ਜੁੜਿਆ ਹੋਇਆ ਸੀ।

ਸੋਰੇਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਉਹ ਪਹਿਲੇ ਕੇਂਦਰੀ ਬਣੇ ਜਿਨ੍ਹਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਹਾਲਾਂਕਿ 2007 ਵਿੱਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਇਤਬਾਰੀ ਸਬੂਤਾਂ ਦੀ ਘਾਟ ਅਤੇ ਹੇਠਲੀ ਅਦਾਲਤ ਦੇ ਤਰਕ ਵਿੱਚ ਪਾੜੇ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ।

ਆਪਣੇ ਕਰੀਅਰ ਦੌਰਾਨ ਵਿਵਾਦਾਂ ਦੇ ਬਾਵਜੂਦ, ਸੋਰੇਨ ਇੱਕ ਜ਼ਬਰਦਸਤ ਜ਼ਮੀਨੀ ਪੱਧਰ ਦੇ ਨੇਤਾ ਰਹੇ, ਅਤੇ ਉਨ੍ਹਾਂ ਦੀ ਅਗਵਾਈ ਹੇਠ, ਜੇਐਮਐਮ ਝਾਰਖੰਡ ਦੀ ਕਬਾਇਲੀ ਅਤੇ ਖੇਤਰੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਸ਼ਕਤੀ ਬਣ ਗਈ। ਉਨ੍ਹਾਂ ਦਾ ਪਰਿਵਾਰ, ਜਿਸ ਵਿੱਚ ਪੁੱਤਰ ਹੇਮੰਤ ਅਤੇ ਬਸੰਤ ਸ਼ਾਮਲ ਹਨ, ਦਾ ਸੂਬੇ ਵਿਚ ਅਹਿਮ ਸਿਆਸੀ ਅਸਰ ਰਸੂਖ ਹੈ।

Advertisement
×