ਨਵੀਂ ਦਿੱਲੀ, 4 ਮਾਰਚ
ਵਿਦੇਸ਼ ਸਕੱਤਰ ਵਿਕਰਮ ਮਿਸਰੀ 7 ਮਾਰਚ ਨੂੰ ਰੂਸ ਜਾਣਗੇ। ਮਿਸਰੀ ਇਸ ਫੇਰੀ ਦੌਰਾਨ ਰੂਸੀ ਹਮਰੁਤਬਾ ਨਾਲ ਵਪਾਰ ਤੇ ਊਰਜਾ ਸਣੇ ਹੋਰਨਾਂ ਮੁੱਦਿਆਂ ਉੱਤੇ ਦੁਵੱਲੇ ਸਹਿਯੋਗ ਬਾਰੇ ਵਿਚਾਰ ਚਰਚਾ ਕਰਨਗੇ। ਮਿਸਰੀ ਸੀਨੀਅਰ ਰੂਸੀ ਆਗੂਆਂ ਨੂੰ ਵੀ ਮਿਲਣਗੇ।
ਮਿਸਰੀ ਅਜਿਹੇ ਮੌੇਕੇ ਰੂਸ ਜਾ ਰਹੇ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਯੂਕਰੇਨੀ ਸਦਰ ਵੋਲੋਦੀਮੀਰ ਜ਼ੇਲੈਂਸਕੀ ਦਰਮਿਆਨ ਵ੍ਹਾਈਟ ਹਾਊਸ ਵਿਚ ਓਵਲ ਦਫ਼ਤਰ ’ਚ ਹੋਈ ਤਲਖ਼ ਗੱਲਬਾਤ ਨੇ ਕੁੱਲ ਆਲਮ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਂਝ ਟਰੰਪ ਤੇ ਉਪ ਰਾਸ਼ਟਰਪਤੀ ਜੇਡੀ ਵਾਂਸ ਨਾਲ ਹੋਈ ਤਕਰਾਰ ਮਗਰੋਂ ਪੂਰਾ ਯੂਰੋਪ ਜ਼ੇਲੈਂਸਕੀ ਦੀ ਹਮਾਇਤ ਵਿਚ ਨਿੱਤਰ ਆਇਆ ਹੈ।
ਰੂਸੀ ਵਾਰਤਕਾਰਾਂ ਨਾਲ ਗੱਲਬਾਤ ਦੌਰਾਨ ਮਿਸਰੀ ਯੂਕਰੇਨ ਬਾਰੇ ਵੀ ਚਰਚਾ ਕਰਨਗੇ। ਰੂਸੀ ਫੌਜ ਵਿਚ ਕੰਮ ਕਰ ਰਹੇ ਬਾਕੀ ਬਚਦੇ ਭਾਰਤੀ ਨਾਗਰਿਕਾਂ ਦਾ ਮਸਲਾ ਵੀ ਵਿਚਾਰੇ ਜਾਣ ਦੀ ਉਮੀਦ ਹੈ। ਜਨਵਰੀ ਵਿੱਚ, ਭਾਰਤ ਨੇ ਕਿਹਾ ਸੀ ਕਿ ਰੂਸੀ ਫੌਜ ਵਿੱਚ ਸੇਵਾ ਕਰਦੇ ਹੋਏ 12 ਭਾਰਤੀ ਨਾਗਰਿਕ ਮਾਰੇ ਗਏ ਹਨ ਅਤੇ 16 ਹੋਰਾਂ ਨੂੰ ਰੂਸ ਨੇ ਲਾਪਤਾ ਵਜੋਂ ਸੂਚੀਬੱਧ ਕੀਤਾ ਹੈ। ਮਿਸਰੀ ਦੀ ਇਸ ਤਜਵੀਜ਼ਤ ਫੇਰੀ ਤੋਂ ਤਿੰਨ ਮਹੀਨੇ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਗਏ ਸਨ।-ਪੀਟੀਆਈ